ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਸਬੰਧੀ ਐਨ ਆਰ ਆਈਜ਼ ਵੱਲੋਂ ਇੱਕ ਮੈਮੋਰੈਂਡਮ ਐਨ ਆਰ ਆਈ ਅਫੇਅਰਜ਼ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ  ਦਿੱਤਾ ਜਾਵੇਗਾ। ਐਨ ਆਰ ਆਈ ਸਭਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਨਾਲ ਬੈਠਕ ਕਰਨ ਉਪਰੰਤ ਇਹ ਜਾਣਕਾਰੀ ਦਿੱਤੀ।


  ਸਭਾ ਦੇ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ ਨੇ  ਪ੍ਰਸ਼ਾਸਨ ਨੂੰ ਐਨ ਆਰ ਆਈਜ਼ ਦੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਅਤੇ ਸਭਾ ਦੇ ਕੰਮ ਪਹਿਲ ਦੇ ਅਧਾਰ ’ਤੇ ਹੱਲ ਕਰਨ ਦੇ ਲਈ ਬੇਨਤੀ ਕੀਤੀ।


ਐਨ ਆਰ ਆਈ ਸਭਾ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਸ. ਬੀ. ਐਸ. ਨਗਰ ਸਮੇਤ ਪੂਰਾ ਦੋਆਬਾ ਖੇਤਰ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਵਿਦੇਸ਼ ਦੇ ਵਿੱਚ ਵਸੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਐਨ ਆਰ ਆਈਜ਼ ਲੰਬੇ ਸਮੇਂ ਤੱਕ ਵਿਦੇਸ਼ਾਂ ਵਿੱਚ ਰਹਿੰਦੇ ਹਨ। ਇਹ ਦੇਖਣ ਵਿੱਚ ਆਉਂਦਾ ਹੈ ਕਿ ਐਨ ਆਰ ਆਈ ਦੇ ਘਰਾਂ ਅਤੇ ਜ਼ਮੀਨਾਂ ‘ਤੇ ਕਈ ਵਾਰ ਕਬਜ਼ੇ ਕਰ ਲਏ ਜਾਂਦੇ ਹਨ। ਅਜਿਹੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਐਨਆਰਆਈਜ਼ ਨੂੰ ਸੰਵਿਧਾਨਿਕ ਨਿਯਮਾਂ ਅਨੁਸਾਰ ਵਕੀਲਾਂ ਅਤੇ ਮਾਹਰਾਂ ਦੇ ਅਨੁਸਾਰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਸਹੀ ਕਾਨੂੰਨੀ ਕਾਰਵਾਈ ਹੋਵੇਗੀ ਤਾਂ ਕਬਜ਼ਿਆਂ ਵਰਗਿਆਂ ਕਈ ਸਮੱਸਿਆਵਾਂ ਦਾ ਹੱਲ ਸਿੱਧੇ ਤੌਰ ‘ਤੇ ਹੀ ਨਿਕਲ ਆਉਂਦਾ ਹੈ। ਜੇਕਰ ਅਸੀਂ ਕਿਸੇ ਤਰ੍ਹਾਂ ਦੀਆਂ ਹੋਰ ਸਫਾਰਿਸ਼ਾਂ ਵਿੱਚ ਲੱਗ ਜਾਂਦੇ ਹਾਂ ਤਾਂ ਕੰਮ ਵੀ ਨਹੀਂ ਹੁੰਦਾ ਅਤੇ ਸਮਾਂ ਵੀ ਖਰਾਬ ਹੁੰਦਾ ਹੈ। ਉਨ੍ਹਾਂ ਨੇ ਐਨ ਆਰ ਆਈ ਸਭਾ ਨੂੰ ਆਪਣਾ ਇੱਕ ਵੀਜ਼ਨ ਬਣਾ ਕੇ ਅੱਗੇ ਵਧਣ ਦੀ ਅਪੀਲ ਕੀਤੀ ਤਾਂ ਜੋ ਸਭਾ ਭਲਾਈ ਦੇ ਕੰਮਾਂ ਦੇ ਵਿੱਚ ਵੀ ਅੱਗੇ ਵੱਧ ਸਕੇ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੜੀ ਖੁਸ਼ੀ ਵਾਲੀ ਗੱਲ ਹੈ ਕਿ 28 ਤੋਂ 30 ਸਤੰਬਰ ਤੱਕ ਖਟਕੜ ਕਲਾਂ ਵਿਖੇ ਇਨਕਲਾਬ ਫੈਸਟੀਵਲ ਕਰਵਾਇਆ ਜਾਵੇਗਾ। ਜਿਸਦੇ ਵਿੱਚ ਐਨ. ਆਰ. ਆਈ ਭਰਾਵਾਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ। ਇਨਕਲਾਬ ਫੈਸਟੇਬਲ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਦੇ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਐਨ ਆਰ ਆਈਜ਼ ਇਸ ਕਮੇਟੀ ਰਾਹੀਂ ਆਪਣਾ ਸਹਿਯੋਗ ਪਾ ਸਕਦੇ ਹਨ।


ਇਸ ਦੌਰਾਨ  ਕੇਵਲ ਸਿੰਘ ਪ੍ਰਧਾਨ, ਅਵਤਾਰ ਸਿੰਘ ਸ਼ੇਰਗਿੱਲ ਪ੍ਰਧਾਨ, ਬਰਜਿੰਦਰ ਹੁਸੈਨਪੁਰ, ਇੰਦਰਜੀਤ ਸਿੰਘ ਮਾਨ, ਸਤਿਨਾਮ ਸਿੰਘ ਹੇੜੀਆਂ ਅਤੇ ਸੁਖਵਿੰਦਰ ਸਿੰਘ ਮਿੰਟੂ ਤੋਂ ਇਲਾਵਾ ਸਭਾ ਦੇ ਹੋਰ ਵੀ ਮੈਂਬਰ ਮੌਜੂਦ ਸਨ।