ਮੋਹਾਲੀ ਦੇ ਇੱਕ ਮਸ਼ਹੂਰ ਪ੍ਰਾਈਵੇਟ ਹਸਪਤਾਲ ਦੀ ਨਰਸ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਨੇ ਸੈਕਟਰ-69 ਵਿੱਚ ਸਥਿਤ ਆਪਣੇ ਕਿਰਾਏ ਦੇ ਘਰ ਵਿੱਚ ਖੁਦਕੁਸ਼ੀ ਕੀਤੀ। ਪਰਿਵਾਰ ਇਸ ਮੌਤ ਨੂੰ ਕਤਲ ਦੱਸ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਦਾ ਜਮਾਈ ਸ਼ਰਾਬ ਪੀ ਕੇ ਲੜਕੀ ਨਾਲ ਕੁੱਟਮਾਰ ਕਰਦਾ ਸੀ ਅਤੇ ਦਾਜ ਲਈ ਪਰੇਸ਼ਾਨ ਕਰਦਾ ਸੀ। ਮ੍ਰਿਤਕਾ ਦੀ ਪਛਾਣ ਪ੍ਰਿਯੰਕਾ ਵਜੋਂ ਹੋਈ ਹੈ।


ਪ੍ਰਿਯੰਕਾ ਮੁੱਲ ਰੂਪ ਵਿੱਚ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਅਗਰੋਹਾ ਦੀ ਰਹਿਣ ਵਾਲੀ ਸੀ ਅਤੇ ਇਨ੍ਹੀਂ ਦਿਨਾਂ ਆਪਣੇ ਪਤੀ ਨਾਲ ਮੋਹਾਲੀ ਦੇ ਸੈਕਟਰ-69 ਵਿੱਚ ਰਹਿ ਰਹੀ ਸੀ। ਪੁਲਿਸ ਨੇ ਮ੍ਰਿਤਕਾ ਦੇ ਪਤੀ ਆਕਾਸ਼ (ਨਿਵਾਸੀ ਕੈਥਲ) ਅਤੇ ਹੋਰ ਪਰਿਵਾਰਕ ਮੈਂਬਰਾਂ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਅੱਜ ਪੁਲਿਸ ਨੇ ਮ੍ਰਿਤਕਾ ਦਾ ਸਰੀਰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ।



ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕੈਥਲ ਨਿਵਾਸੀ ਆਕਾਸ਼ ਨਾਲ ਕਰਵਾਇਆ ਸੀ। ਵਿਆਹ ਦੇ ਸਮੇਂ ਆਕਾਸ਼ ਬੇਰੋਜ਼ਗਾਰ ਸੀ, ਹਾਲਾਂਕਿ ਉਸਨੇ ਆਈਲੈਟਸ ਕੀਤਾ ਹੋਇਆ ਸੀ ਅਤੇ ਪਰਿਵਾਰ ਵੱਲੋਂ ਕਿਹਾ ਗਿਆ ਸੀ ਕਿ ਉਹ ਜਲਦੀ ਹੀ ਵਿਦੇਸ਼ ਚਲਾ ਜਾਵੇਗਾ। ਸਾਨੂੰ ਉਮੀਦ ਸੀ ਕਿ ਧੀ ਵੀ ਪੜ੍ਹੀ-ਲਿਖੀ ਹੈ, ਦੋਵੇਂ ਵਿਦੇਸ਼ ਜਾ ਕੇ ਚੰਗੀ ਤਰ੍ਹਾਂ ਸੈਟਲ ਹੋ ਜਾਣਗੇ। ਇਨ੍ਹਾਂ ਉਮੀਦਾਂ 'ਚ 5 ਫਰਵਰੀ 2023 ਨੂੰ ਵਿਆਹ ਕਰ ਦਿੱਤਾ ਗਿਆ।


ਵਿਆਹ ਤੋਂ ਪਹਿਲੇ ਚਾਰ–ਪੰਜ ਮਹੀਨੇ ਤੱਕ ਧੀ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ, ਪਰ ਉਸ ਤੋਂ ਬਾਅਦ ਜਮਾਈ ਅਤੇ ਉਸਦੇ ਪਰਿਵਾਰ ਨੇ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਲਗਾਤਾਰ ਪੈਸਿਆਂ ਦੀ ਮੰਗ ਕਰਦੇ ਰਹੇ। ਪ੍ਰਿਯੰਕਾ ਨੇ ਹਿਸਾਰ ਦੇ ਅਗਰੋਹਾ ਮੈਡੀਕਲ ਕਾਲਜ ਤੋਂ B.Sc ਨਰਸਿੰਗ ਦੀ ਪੜਾਈ ਕੀਤੀ ਸੀ।



ਜਦੋਂ ਆਕਾਸ਼ ਵਿਦੇਸ਼ ਨਹੀਂ ਗਿਆ ਤਾਂ ਉਸਨੇ ਕੰਮ ਕਰਨ ਲਈ ਪਹਿਲਾਂ ਪ੍ਰਿਯੰਕਾ ਦੇ ਕਾਗਜ਼ ਲੈ ਕੇ ਬੈਂਕ ਤੋਂ ਲੋਨ ਲਿਆ। ਇਸ ਲੋਨ ਦੀਆਂ ਕਿਸ਼ਤਾਂ ਹੁਣ ਤੱਕ ਪ੍ਰਿਯੰਕਾ ਆਪਣੀ ਤਨਖ਼ਾਹ 'ਚੋਂ ਭਰ ਰਹੀ ਸੀ। ਫਿਰ ਆਕਾਸ਼ ਨੇ ਵਿਦੇਸ਼ ਜਾਣ ਲਈ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਲਈ ਉਸਦੇ ਪਰਿਵਾਰ ਨੇ ਵੀ ਦਬਾਅ ਬਣਾਇਆ।


ਪ੍ਰਿਯੰਕਾ ਦੇ ਮਾਤਾ-ਪਿਤਾ ਨੇ ਕਿਸੇ ਤੋਂ ਕਰਜ਼ ਲੈ ਕੇ ਉਸਨੂੰ 12 ਲੱਖ ਰੁਪਏ ਦਿੱਤੇ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਆਕਾਸ਼ ਅਤੇ ਉਸਦੇ ਪਰਿਵਾਰ ਨੇ ਦਾਜ ਵਿਚ ਗੱਡੀ ਅਤੇ ਹੋਰ ਸਮਾਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨਿਆ।


ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 13 ਤਾਰੀਖ਼ ਨੂੰ ਮੇਰੇ ਭਾਣਜੇ ਅਯਨ ਦਾ ਫੋਨ ਆਇਆ। ਉਸਨੇ ਦੱਸਿਆ ਕਿ ਉਸਦੇ ਪਿਤਾ ਕੋਲ ਪ੍ਰਿਯੰਕਾ ਦੀ ਸਾਸ ਦਾ ਫੋਨ ਆਇਆ ਸੀ। ਉਸਨੇ ਕਿਹਾ ਕਿ ਪ੍ਰਿਯੰਕਾ ਨੇ ਆਪਣੇ ਕਮਰੇ ਦਾ ਦਰਵਾਜਾ ਅੰਦਰੋਂ ਲਾਕ ਕਰ ਲਿਆ ਹੈ।


ਇਸ ਤੋਂ ਬਾਅਦ ਅਸੀਂ ਤੁਰੰਤ ਮੋਹਾਲੀ ਵੱਲ ਰਵਾਨਾ ਹੋ ਗਏ। ਜਦ ਅਸੀਂ ਉਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਸਾਡੀ ਧੀ ਦੀ ਲਾਸ਼ ਪਹਿਲਾਂ ਹੀ ਮੋਹਾਲੀ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾਈ ਜਾ ਚੁੱਕੀ ਸੀ।