ਚੰਡੀਗੜ੍ਹ: ਫਾਜ਼ਿਲਕਾ ਦੇ ਪਿੰਡ ਵਿਸ਼ਾਖੇ ਵਾਲਾ ਖੂਹ ਵਿੱਚ ਬਿਜਲੀ ਦਾ ਮੀਟਰ ਲਾਉਂਦਿਆਂ ਕੱਚੇ ਮੁਲਾਜ਼ਮ ਦੀ ਮੌਤ ਹੋ ਗਈ। ਜੇਈ ਦੀ ਕਥਿਤ ਗ਼ਲਤੀ ਕਰਕੇ ਕਰੰਟ ਲੱਗਣ ਨਾਲ ਇੱਕ ਮੁਲਾਜ਼ਮ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੁਲਜ਼ਮ ਜੇਈ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।।
ਇਸ ਹਾਦਸੇ ਵਿੱਚ ਮਾਰੇ ਗਏ ਕੱਚੇ ਮੁਲਾਜ਼ਮ ਪਰਵਿੰਦਰ ਸਿੰਘ ਦੇ ਪਰਿਵਾਰਿਕ ਮੈਬਰਾਂ ਨੇ ਵਿਭਾਗ ਦੇ ਜੇਈ ਸਵਰਣ ਸਿੰਘ ਉੱਤੇ ਜਾਣ ਬੁੱਝ ਕੇ ਕੀਤੀ ਗਈ ਲਾਪਰਵਾਹੀ ਨਾਲ ਹਾਦਸਾ ਹੋਣ ਦੇ ਇਲਜ਼ਾਮ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਪਿਛਲੇ 6 ਮਹੀਨੀਆਂ ਤੋਂ ਜੇਈ ਸਵਰਣ ਸਿੰਘ ਨਾਲ ਕੱਚੇ ਤੌਰ ’ਤੇ ਕੰਮ ਕਰ ਰਿਹਾ ਸੀ। ਕੱਲ੍ਹ ਜੇਈ ਨੇ ਉਸ ਨੂੰ ਪਿੰਡ ਵਿਸ਼ਾਖੇ ਵਾਲਾ ਖੂਹ ਵਿੱਚ ਮੀਟਰ ਲਗਾਉਣ ਲਈ ਭੇਜਿਆ ਸੀ ਪਰ ਮੀਟਰ ਲਗਾਉਣ ਲਈ ਜੇਈ ਨੇ ਵਿਭਾਗ ਤੋਂ ਪਰਮਿਟ ਨਹੀਂ ਲਿਆ ਸੀ ਚੱਲਦੀਆ ਲਾਈਨਾਂ ’ਤੇ ਦੋਵਾਂ ਮੁਲਜ਼ਮਾਂ ਤੋਂ ਕੰਮ ਕਰਵਾਇਆ।
ਚਾਲੂ ਲਾਈਨਾਂ ਉੱਤੇ ਕੰਮ ਕਰਦੇ ਵੇਲੇ ਤਾਰਾਂ ਵਿੱਚ ਕਰੰਟ ਆਉਣ ਨਾਲ ਪਰਵਿੰਦਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦ ਕਿ ਦੂਜਾ ਸਾਥੀ ਖੰਭੇ ਤੋਂ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ। ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਬਾਹਰ ਰੈਫਰ ਕਰ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਜੇਈ ਦੀ ਲਾਪਰਵਾਹੀ ਕਾਰਨ ਅੱਜ ਉਨ੍ਹਾਂ ਦੇ ਪੁੱਤ ਦੀ ਮੌਤ ਹੋਈ ਹੈ। ਉਨ੍ਹਾਂ ਜੇਈ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।