ਬਟਾਲਾ: ਜਲੰਧਰ ਰੋਡ 'ਤੇ ਸਥਿਤ ਆਈਲੈਟਸ ਸੈਂਟਰ ਫਾਈਰਿੰਗ ਦੀ ਘਟਨਾ ਸਾਹਮਣੇ ਆਈ ਹੈ। ਇਸ ਫਾਈਰਿੰਗ ਵਿੱਚ ਇੱਕ ਨੌਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਹਾਸਲ ਜਾਣਕਾਰੀ ਮੁਤਾਬਕ ਕੁਝ ਨੌਜਵਾਨਾਂ ਦੀ ਆਈਲੈਟਸ ਸੈਂਟਰ ਦੇ ਅੰਦਰ ਤਕਰਾਰ ਇੰਨੀ ਵਧ ਗਈ ਕਿ ਗੱਲ ਗੋਲੀਆਂ ਤੱਕ ਪਹੁੰਚ ਗਈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ।


ਬਟਾਲਾ ਦੇ ਨਜਦੀਕ ਪਿੰਡ ਸਰਵਾਲੀ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨਾਂ ਦੇ ਝਗੜੇ 'ਚ ਉਸ ਦੇ ਬੇਟੇ ਦੇ ਗੋਲੀ ਲੱਗੀ ਹੈ ਤੇ ਉਹ ਜੇਰੇ ਇਲਾਜ ਹੈ। ਉੱਥੇ ਹੀ ਰਣਜੀਤ ਸਿੰਘ ਮੁਤਾਬਕ ਆਈਲੈਟਸ ਸੈਂਟਰ 'ਚ ਪੜ੍ਹਨ ਵਾਲੇ ਕਿਸੇ ਨੌਜਵਾਨ ਦਾ ਮਾਮੂਲੀ ਮੋਬਾਈਲ ਫੋਨ ਤੇ ਝਗੜਾ ਹੋਇਆ ਸੀ। ਉਸ ਨੇ ਖੁਦ ਆਈਲੈਟਸ ਸੈਂਟਰ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਇਕੱਠੇ ਬਿਠਾ ਕੇ ਰਾਜ਼ੀਨਾਮਾ ਵੀ ਕਰਵਾ ਦਿੱਤਾ ਪਰ ਜਦ ਉਹ ਤੇ ਉਸ ਦਾ ਭਣੇਵਾਂ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਦੇ ਬੇਟੇ ਦੇ ਗੋਲੀ ਲੱਗੀ ਹੈ।



ਉੱਥੇ ਹੀ ਦੋ ਧਿਰਾਂ 'ਚ ਹੋਏ ਝਗੜੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਸਿਵਲ ਲਾਈਨ ਬਟਾਲਾ ਦੇ ਥਾਣਾ ਇੰਚਾਰਜ ਅਮੋਲਕ ਸਿੰਘ ਨੇ ਦੱਸਿਆ ਕਿ ਹੁਣ ਤਕ ਇਹ ਸਾਹਮਣੇ ਆਇਆ ਹੈ ਕਿ ਬੀਤੇ ਕੱਲ੍ਹ ਆਈਲੈਟਸ ਸੈਂਟਰ 'ਚ ਪੜ੍ਹਨ ਵਾਲੇ ਦੋ ਨੌਜਵਾਨਾਂ ਜਗਪ੍ਰੀਤ ਤੇ ਲਵਪ੍ਰੀਤ ਸਿੰਘ ਦਾ ਕਿਸੇ ਲੜਕੀ ਨੂੰ ਲੈ ਕੇ ਤਕਰਾਰ ਹੋਇਆ ਸੀ।


ਅੱਜ ਦੋਵਾਂ ਨੌਜਵਾਨਾਂ ਵੱਲੋਂ ਆਪਣੇ ਸਾਥੀ ਨੌਜਵਾਨਾਂ ਨੂੰ ਬੁਲਾਇਆ ਗਿਆ ਤੇ ਦੋਵਾਂ ਧਿਰਾਂ 'ਚ ਤਕਰਾਰ ਹੋਈ ਤੇ ਆਪਸ 'ਚ ਫਾਇਰਿੰਗ ਵੀ ਹੋਈ। ਇੱਕ ਨੌਜਵਾਨ ਲੋਵਨੀਤ ਸਿੰਘ ਗੋਲੀ ਲੱਗਣ ਨਾਲ ਜਖ਼ਮੀ ਹੋਇਆ ਜਿਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਪੁਲਿਸ ਵੱਲੋਂ ਜਗਪਰੀ ਨੂੰ ਹਿਰਾਸਤ 'ਚ ਲਿਆ ਗਿਆ ਹੈ ਤੇ ਥਾਣਾ ਇੰਚਾਰਜ ਅਮੋਲਕ ਸਿੰਘ ਦਾ ਕਹਿਣਾ ਹੀ ਕਿ ਮਾਮਲਾ ਦਰਜ ਕਰ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਖੰਗਾਲ ਰਹੀ ਹੈ।