ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਪਾਕਿਸਤਾਨ ਵਿਸਾਖੀ ਮਨਾਉਣ ਗਿਆ ਜਥਾ ਵਿਵਾਦਾਂ ਵਿੱਚ ਘਿਰ ਗਿਆ ਹੈ। ਜਥੇ ਨਾਲ ਗਈ ਹੁਸ਼ਿਆਰਪੁਰ ਦੀ ਕਿਰਨ ਬਾਲਾ ਨੇ ਧਰਮ ਪਰਿਵਰਤਨ ਕਰਕੇ ਉੱਥੇ ਮੁਲਮਾਨ ਬੰਦੇ ਨਾਲ ਨਿਕਾਹ ਕਰ ਲਿਆ ਹੈ। ਇਸ ਦੇ ਨਾਲ ਹੀ ਜਥੇ ਵਿੱਚੋਂ ਇੱਕ ਨੌਜਵਾਨ ਗਾਇਬ ਹੋ ਗਿਆ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦੇ ਨਾਲ-ਨਾਲ ਭਾਰਤੀ ਏਜੰਸੀਆਂ ਉਪਰ ਵੀ ਸਵਾਲ ਉੱਠ ਰਹੇ ਹਨ।

 

ਦਰਅਸਲ ਹੁਸ਼ਿਆਰਪੁਰ ਦੀ ਕਿਰਨ ਬਾਲਾ ਨੇ ਧਰਮ ਪਰਿਵਰਤਨ ਕਰਕੇ ਉੱਥੇ ਮੁਲਮਾਨ ਬੰਦੇ ਨਾਲ ਨਿਕਾਹ ਕਰ ਲਿਆ ਹੈ। ਉਸ ਨੇ ਪਾਕਿਸਤਾਨ ਹੀ ਰਹਿਣ ਦੀ ਇੱਛਾ ਜਾਹਿਰ ਕੀਤੀ ਹੈ। ਇਹ ਮਾਮਲਾ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਖਬਰ ਆਈ 21 ਅਪਰੈਲ ਨੂੰ ਵਾਪਸ ਆਏ ਜਥੇ ‘ਚ ਅੰਮ੍ਰਿਤਸਰ ਦੇ ਪਿੰਡ ਨਰਿੰਜਣਪੁਰਾ ਦਾ 22 ਸਾਲਾ ਨੌਜਵਾਨ ਅਮਰਜੀਤ ਸਿੰਘ ਨਹੀਂ ਪਰਤਿਆ।

ਇਨ੍ਹਾਂ ਦੋਵਾਂ ਘਟਨਾਵਾਂ ਕਰਕੇ ਇੱਕ ਪਾਸੇ ਸ਼੍ਰੋਮਣੀ ਕਮੇਟੀ ਉਪਰ ਸਵਾਲ ਉੱਠ ਰਹੇ ਹਨ, ਉੱਥੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਭਾਰਤੀ ਏਜੰਸੀਆਂ ਦੀ ਨਾਕਾਮੀ ਕਰਾਰ ਦਿੱਤਾ ਹੈ। ਗਲਤੀ ਚਾਹੇ ਕਿਸੇ ਦੀ ਵੀ ਹੋਏ ਪਰ ਹੁਣ ਪਾਕਿਸਤਾਨ ਜਾਣ ਵਾਲੇ ਜਥੇ ਉੱਪਰ ਸਰਕਾਰੀ ਸਖ਼ਤੀ ਵਧਣ ਦੇ ਆਸਾਰ ਹਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਕਿਰਨ ਬਾਲਾ ਮਾਮਲੇ ਦੀ ਆਪਣੇ ਪੱਧਰ ‘ਤੇ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਜਥਾ ਭੇਜਣ ਸਬੰਧੀ ਨਿਯਮਾਂ ਦੀ ਨਜ਼ਰਸਾਨੀ ਕਰਨ ਬਾਰੇ ਉਨ੍ਹਾਂ ਆਖਿਆ ਕਿ ਇਸ ਸਬੰਧੀ ਜਲਦੀ ਹੀ ਮੈਂਬਰਾਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ।