ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਮੰਤਰੀ ਮੰਡਰ ਦੇ ਵਿਸਤਾਰ ਮਗਰੋਂ ਪੈਦਾ ਹੋਏ ਤਣਾਅ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿੱਢ ਦਿੱਤੀ ਹੈ। ਅੱਜ ਇਸ ਬਾਰੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਨੇ ਮੰਤਰੀਆਂ ਤੇ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਪੰਜਾਬ ਭਵਨ ਮੀਟਿੰਗ ਕੀਤੀ।
ਇਸ ਮੀਟਿੰਗ ਵਿੱਚ ਨਵਜੋਤ ਸਿੱਧੂ, ਤ੍ਰਿਪਤ ਰਾਜਿੰਦਰ ਬਾਜਵਾ, ਅਰੁਣਾ ਚੌਧਰੀ ,ਰਾਜ ਕੁਮਾਰ ਵੇਰਕਾ ਸਮੇਤ ਕਈ ਸਮੇਤ ਲੀਡਰ ਹਾਜ਼ਰ ਸਨ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਮੰਤਰੀ ਮੰਡਲ ਵਿਸਤਾਰ ਤੋਂ ਬਾਅਦ ਪਾਰਟੀ ਵਿੱਚ ਵਧੀ ਅਸੰਤੁਸ਼ਟ ਬਾਰੇ ਚਰਚਾ ਕੀਤੀ ਗਈ।
ਇਸ ਬਾਰੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਹ ਸਿਰਫ਼ ਰਸਮੀ ਮੁਲਾਕਾਤ ਸੀ। ਉਨ੍ਹਾਂ ਕਿਹਾ ਕਿ ਉਹ ਨਾਰਾਜ਼ ਨਹੀਂ ਹਨ। ਵੇਰਕਾ ਨੇ ਮੰਨਿਆ ਕਿ ਅਸਤੀਫ਼ੇ ਦੇਣ ਵਾਲੇ ਰੁੱਸਿਆਂ ਬਾਰੇ ਚਰਚਾ ਹੋਈ ਹੈ। ਉਨ੍ਹਾਂ ਸਾਰਿਆਂ ਨੂੰ ਮਨਾ ਲਿਆ ਜਾਏਗਾ।
ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਕੈਪਟਨ ਖਿਲਾਫ ਪਾਰਟੀ ਵਿੱਚ ਕੋਈ ਧੜੇਬੰਦੀ ਨਹੀਂ। ਮੰਤਰੀ ਨਾ ਬਣਨ ਕਰਕੇ ਵਿਧਾਇਕਾਂ ਵਿੱਚ ਰੋਸ ਜ਼ਰੂਰ ਹੈ ਪਰ ਕੋਈ ਨਾਰਾਜ਼ਗੀ ਨਹੀਂ। ਉਨ੍ਹਾਂ ਕਿਹਾ ਕਿ ਸਭ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਾਂਗੇ।