ਫ਼ਿਰੋਜ਼ਪੁਰ: ਹੁਸੈਨੀਵਾਲਾ ਬਾਰਡਰ ‘ਤੇ ਪਾਕਿਸਤਾਨੀ ਡ੍ਰੋਨ ਦਿੱਖਣ ਦੇ 21 ਘੰਟਿਆਂ ਬਾਅਦ ਇੱਕ ਵਾਰ ਫੇਰ ਫ਼ਿਰੋਜ਼ਪੁਰ ਸੀਮਾ ‘ਤੇ ਡ੍ਰੋਨ ਮੂਵਮੈਂਟ ਵੇਖ ਗਈ। ਮੰਗਲਵਾਰ ਰਾਤ ਤੋਂ ਬਾਅਦ ਬੁੱਧਵਾਰ ਰਾਤ ਨੂੰ ਵੀ ਸਰੱਹਦੀ ਪਿੰਡ ਹਾਜ਼ਰਾ ਸਿੰਘ ਵਾਲਾ, ਟੇਂਡੀ ਵਾਲਾ ‘ਚ ਪਾਕਿਸਤਾਨੀ ਡ੍ਰੋਨ ਨੇ ਭਾਰਤੀ ਸਰਹੱਦ ‘ਚ 4-5 ਕਿਮੀ ਅੰਦਰ ਤਕ ਉਡਾਣ ਭਰੀ।



ਬੀਐਸਐਫ ਨੇ ਕਈ ਫਾਇਰ ਕਰ ਡ੍ਰੋਨ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ 300-400 ਫੁੱਟ ਦੀ ਉਚਾਈ ‘ਤੇ ਹੋਣ ਕਾਰਨ ਉਹ ਨਾਕਾਮਯਾਬ ਰਹੇ। ਇਸ ਤੋਂ ਬਾਅਦ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਦੱਸਿਆ ਕਿ ਡ੍ਰੋਨ ਦੀ ਲਾਈਟ ਪੈ ਰਹੀ ਸੀ ਤੇ ਆਵਾਜ਼ ਆਉਣ ‘ਤੇ ਉਨ੍ਹਾਂ ਨੇ ਆਪਣੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਕੇ ਡ੍ਰੋਨ ਵੇਖਿਆ।




ਡੀਐਸਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਡ੍ਰੋਨ ਭੇਜੇ ਜਾਣ ਦਾ ਮਕਸਦ ਹੈਰੋਇਨ ਜਾਂ ਹਥਿਆਰ ਭੇਜਣਾ ਹੋ ਸਕਦਾ ਹੈ। ਪੁਲਿਸ ਬੀਐਸਐਫ ਨਾਲ ਮਿਲਕੇ ਸਰਚ ਮੁਹਿੰਮ ਚਲਾ ਰਹੀ ਹੈ। ਇਸ ਤੋਂ ਪਹਿਲਾਂ ਹੁਸੈਨੀਵਾਲਾ ਚੈੱਕ ਪੋਸਟ ‘ਤੇ ਹੀ ਸੋਮਵਾਰ ਰਾਤ ਪਹਿਲੀ ਵਾਰ ਪਾਕਿਸਤਾਨੀ ਡ੍ਰੋਨ ਵੇਖਿਆ ਗਿਆ ਸੀ। ਸਰਹੱਦ ‘ਤੇ ਡ੍ਰੋਨ ਨੂੰ 5 ਵਾਰ ਵੇਖਿਆ ਗਿਆ। ਇਨ੍ਹਾਂ ਵਿੱਚੋਂ ਇੱਕ ਵਾਰ ਇਹ ਭਾਰਤੀ ਸਰਹੱਦ ਅੰਦਰ ਆਉਂਦੇ ਹੋਏ ਨਜ਼ਰ ਆਇਆ। ਬੀਐਸਐਫ ਨੇ ਡ੍ਰੋਨ ਦੀ ਸੂਚਨਾ ਪੰਜਾਬ ਪੁਲਿਸ ਨੂੰ ਦਿੱਤੀ ਸੀ।