ਨਵਾਂ ਸ਼ਹਿਰ ਪੁਲਿਸ ਨੇ 57 ਸਾਲ ਦੇ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਵਿਅਕਤੀ ਦਾ ਨਾਂ ਅਹਿਸਾਨ ਉਲ ਹੱਕ ਹੈ ਤੇ ਇਸ ਸਮੇਂ ਆਸਟ੍ਰੀਆ ਦਾ ਨਾਗਰਿਕ ਹੈ ਤੇ ਉਸ ਨੇ ਨਵਾਂ ਸ਼ਹਿਰ ਦੀ ਇੱਕ 30 ਸਾਲਾ ਲੜਕੀ ਨਾਲ ਵਿਆਹ ਕਰਵਾਇਆ ਵੀ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਕੋਲ ਆਧਾਰ ਕਾਰਡ ਹੈ, ਪੈਨ ਕਾਰਡ ਵੀ ਹੈ ਅਤੇ ਉਹ ਜਲੰਧਰ ਵਿੱਚ ਜ਼ਮੀਨ ਦੇ ਇੱਕ ਟੁਕੜੇ ਦਾ ਮਾਲਕ ਵੀ ਹੈ।

ਪੁਲਿਸ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਅਹਿਸਾਨ ਆਈ.ਐਸ.ਆਈ. ਦਾ ਏਜੰਟ ਹੋ ਸਕਦਾ ਹੈ। ਜਾਣਕਾਰੀ ਮੁਤਾਬਕ 2006 ਤਕ ਅਹਿਸਾਨ ਪਾਕਿਸਤਾਨ ਦਾ ਨਾਗਰਿਕ ਸੀ ਤੇ ਬਾਅਦ ਵਿੱਚ ਉਸ ਨੇ ਆਸਟ੍ਰੀਆ ਦੀ ਨਾਗਰਿਕਤਾ ਹਾਸਲ ਕਰ ਲਈ ਸੀ।

ਅਹਿਸਾਨ ਦੀ ਪਤਨੀ ਕੁਲਵਿੰਦਰ ਕੌਰ ਮੁਤਾਬਕ ਉਹ ਉਸ ਨੂੰ ਫੇਸਬੁੱਕ 'ਤੇ ਮਿਲਿਆ ਸੀ ਅਤੇ ਉਸ ਨੇ ਉਸ ਨੂੰ ਆਪਣੇ ਨਾਲ ਆਸਟ੍ਰੀਆ ਸੈੱਟ ਕਰਨ ਦੀ ਗੱਲ ਵੀ ਕਹੀ ਸੀ। ਅਹਿਸਾਨ ਆਪਣੀ ਪਤਨੀ ਨੂੰ ਲੈ ਕੇ ਇੱਕ ਵਾਰ ਪਾਕਿਸਤਾਨ ਵੀ ਜਾ ਚੁੱਕਾ ਹੈ।

ਪੁਲਿਸ ਨੂੰ ਸ਼ੱਕ ਹੈ ਕਿ ਅਹਿਸਾਨ ਨੇ ਆਈ.ਐਸ.ਆਈ. ਦੇ ਕਹਿਣ 'ਤੇ ਨਵਾਂ ਸ਼ਹਿਰ ਦੀ ਕੁਲਵਿੰਦਰ ਕੌਰ ਨਾਲ ਵਿਆਹ ਕੀਤਾ ਹੋ ਸਕਦਾ ਹੈ। ਪਰ ਫਿਲਹਾਲ ਵਿਦੇਸ਼ੀ ਨਾਗਰਿਕ ਹੋਣ ਦੇ ਬਾਵਜੂਦ ਆਧਾਰ ਕਾਰਡ ਤੇ ਪੈਨ ਕਾਰਡ ਜਿਹੇ ਜ਼ਰੂਰੀ ਕਾਗ਼ਜ਼ਾਤ ਤਿਆਰ ਕਰਨ ਦੇ ਇਲਜ਼ਾਮ ਹੇਠ ਮਾਮਲਾ ਦਰਜ ਕਰ ਲਿਆ ਹੈ।