ਸੰਗਰੂਰ: ਲਹਿਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਹੁਣ ਪਿਤਾ ਤੋਂ ਬਾਹਰ ਹੁੰਦੇ ਨਜ਼ਰ ਆ ਰਹੇ ਹਨ। ਕਿਸੇ ਹੋਰ ਯੋਗ ਉਮੀਦਵਾਰ ਦੇ ਨਾ ਮੌਜੂਦ ਹੋਣ ਦੀ ਸੂਰਤ ਵਿੱਚ ਪਰਮਿੰਦਰ ਢੀਂਡਸਾ ਨੇ ਲੋਕ ਸਭਾ ਚੋਣ ਲੜਨ ਦੀ ਹਾਮੀ ਭਰ ਦਿੱਤੀ ਹੈ।


ਯਾਦ ਰਹੇ ਪਰਮਿੰਦਰ ਦੇ ਪਿਤਾ ਤੇ ਹਾਲ ਹੀ ਵਿੱਚ ਪਦਮਸ਼੍ਰੀ ਨਾਲ ਸਨਮਾਨਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਆਪਣੇ ਤੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੇ ਚੋਣ ਲੜਨ ਦੇ ਖ਼ਿਲਾਫ਼ ਹਨ। ਦੂਜੇ ਪਾਸੇ ਪਰਮਿੰਦਰ ਢੀਂਡਸਾ ਨੇ ਸੁਖਬੀਰ ਬਾਦਲ ਨੂੰ ਸੁਨੇਹਾ ਲਾ ਦਿੱਤਾ ਹੈ ਕਿ ਜੇਕਰ ਸੰਗਰੂਰ ਲੋਕ ਸਭਾ ਹਲਕੇ ਤੋਂ ਕੋਈ ਹੋਰ ਉਮੀਦਵਾਰ ਨਹੀਂ ਹੈ ਤਾਂ ਉਹ ਆਪਣੀ ਪਾਰਟੀ ਖਾਤਰ ਚੋਣ ਲੜਨ ਲਈ ਤਿਆਰ ਹਨ।

ਢੀਂਡਸਾ ਨੇ ਸੁਖਬੀਰ ਬਾਦਲ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਨਾਂਅ ਅੰਤ ਵਿੱਚ ਵਿਚਾਰਿਆ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸੁਖਬੀਰ ਬਾਦਲ ਤਿੰਨ ਦਿਨ ਲੋਕ ਸਭਾ ਹਲਕੇ ਸੰਗਰੂਰ ਦੇ ਦੌਰੇ 'ਤੇ ਰਹੇ ਤੇ ਇਸ ਦੌਰਾਨ ਉਨ੍ਹਾਂ ਪਰਮਿੰਦਰ ਢੀਂਡਸਾ ਨੂੰ ਬਿਲਕੁਲ ਆਪਣੇ ਨਾਲ ਰੱਖਿਆ ਹੋਇਆ ਸੀ। ਜ਼ਾਹਰ ਹੈ ਕਿ ਪ੍ਰਧਾਨ ਸਾਬ ਤਿੰਨ ਦਿਨਾਂ ਵਿੱਚ ਪੁੱਤਰ ਨੂੰ ਪਿਤਾ ਦੇ ਫੈਸਲੇ ਪ੍ਰਤੀ ਆਕੀ ਹੋਣ ਲਈ ਤਿਆਰ ਕਰ ਗਏ ਹੋਣਗੇ।

ਜੇਕਰ ਪਰਮਿੰਦਰ ਚੋਣ ਲੜਦੇ ਹਨ ਤਾਂ ਉਨ੍ਹਾਂ ਦਾ ਸਾਹਮਣਾ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਨਾਲ ਹੋਵੇਗਾ, ਜੋ ਉਨ੍ਹਾਂ ਦੇ ਪਿਤਾ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਾਫੀ ਵੱਡੇ ਫਰਕ ਨਾ ਮਾਤ ਦੇ ਚੁੱਕੇ ਹਨ। ਅਜਿਹੇ ਵਿੱਚ ਪਰਮਿੰਦਰ ਦਾ ਰਸਤਾ ਯਕੀਨਨ ਸੌਖਾ ਨਹੀਂ ਰਹਿਣ ਵਾਲਾ।