ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਲੋਕ ਸਭਾ ਚੋਣਾਂ ਵਿੱਚ ਆਪਣਾ ਯੋਗਦਾਨ ਪਾ ਦਿੱਤਾ ਹੈ। ਢੀਂਡਸਾ ਨੇ ਆਪਣੇ ਪੁੱਤਰ ਪਰਮਿੰਦਰ ਸਿੰਘ ਦੀ ਜਿੱਤ ਦਾ ਦਾਅਵਾ ਵੀ ਕੀਤਾ। ਢੀਂਡਸਾ ਨੇ ਇਕੱਲਿਆਂ ਹੀ ਆਪਣੇ ਪਿੰਡ ਉੱਭਾਵਾਲ ਵਿੱਚ ਵੋਟ ਪਾਈ।


ਵੋਟ ਪਾਉਣ ਉਪਰੰਤ ਉਨ੍ਹਾਂ ਸੂਬੇ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਜਿੱਤ ਦਾ ਦਾਅਵਾ ਵੀ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪਰਮਿੰਦਰ ਢੀਂਡਸਾ ਸੰਗਰੂਰ ਤੋਂ ਜ਼ਰੂਰ ਜਿੱਤਣਗੇ। ਸੁਖਦੇਵ ਸਿੰਘ ਢੀਂਡਸਾ ਨੇ ਵੋਟਿੰਗ ਦੌਰਾਨ ਹਿੰਸਾ 'ਤੇ ਕਿਹਾ ਕਿ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਹਾਲਾਤ ਫਿਰ ਵੀ ਠੀਕ ਹਨ, ਪਰ ਜੋ ਵੀ ਹਿੰਸਾ ਹੋ ਰਹੀ ਹੈ, ਉਹ ਗ਼ਲਤ ਹੈ। ਚੋਣਾਂ ਅਮਨ-ਚੈਨ ਨਾਲ ਹੋਣੀਆਂ ਚਾਹੀਦੀਆਂ ਹਨ।



ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੌਰਾਨ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੀਆਂ ਨੀਤੀਆਂ ਖ਼ਿਲਾਫ਼ ਉੱਠ ਕੇ ਅਹੁਦੇ ਤਿਆਗਣ ਵਾਲੇ ਪਹਿਲੇ ਲੀਡਰ ਸਨ। ਉਨ੍ਹਾਂ ਤੋਂ ਮਗਰੋਂ ਕਈ ਸੀਨੀਅਰ ਅਕਾਲੀ ਆਗੂਆਂ ਨੇ ਅਸਤੀਫ਼ੇ ਦੇ ਕੇ ਆਪਣੀ ਨਵੀਂ ਪਾਰਟੀ ਵੀ ਬਣਾ ਲਈ, ਪਰ ਢੀਂਡਸਾ ਨੇ ਅਕਾਲੀ ਦਲ ਨਾਲੋਂ ਨਾਤਾ ਨਹੀਂ ਤੋੜਿਆ।

ਸੁਖਦੇਵ ਢੀਂਡਸਾ ਨੇ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਇਹ ਲੋਕ ਸਭਾ ਚੋਣਾਂ ਲੜਨ ਤੋਂ ਰੋਕਿਆ ਵੀ ਸੀ ਪਰ ਹੌਲੀ-ਹੌਲੀ ਢੀਂਡਸਾ ਨੂੰ ਅਕਾਲੀ ਦਲ ਨੇ ਮਨਾ ਲਿਆ ਤੇ ਫਿਰ ਉਨ੍ਹਾਂ ਪਾਰਟੀ ਲਈ ਚੋਣ ਪ੍ਰਚਾਰ ਵੀ ਕੀਤਾ ਤੇ ਹੁਣ ਵੋਟ ਵੀ ਪਾ ਆਏ। ਢੀਂਡਸਾ ਨੇ ਪੁੱਤਰ ਲਈ ਖੁਦ ਚੋਣ ਪ੍ਰਚਾਰ ਤਾਂ ਨਹੀਂ ਕੀਤਾ ਪਰ ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਜ਼ਰੂਰ ਹੱਲ਼ਸ਼ੇਰੀ ਦਿੱਤੀ।