ਰਾਜਪੁਰਾ: ਪਿੰਡ ਖੇਡੀ ਗੰਡਿਆਂ ਤੋਂ ਲਾਪਤਾ ਦੋ ਬੱਚਿਆਂ ਦੇ ਮਾਮਲੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾਂ ਘਨੌਰ ਦੀ ਸਰਾਲਾ ਬਰਾਂਚ ਵਿੱਚ ਇੱਕ ਬੱਚੇ ਦੀ ਲਾਸ਼ ਮਿਲੀ ਸੀ, ਜਿਸ ਨੂੰ ਪਰਿਵਾਰ ਵਾਲਿਆਂ ਆਪਣੇ ਬੱਚੇ ਦੀ ਲਾਸ਼ ਮੰਨਣੋਂ ਇਨਕਾਰ ਕਰ ਦਿੱਤਾ ਸੀ। ਹੁਣ ਪਰਿਵਾਰ ਨੇ ਆਪਣੇ ਛੋਟੇ ਪੁੱਤਰ ਹੁਸਨਦੀਪ ਸਿੰਘ ਵਜੋਂ ਇਸ ਲਾਸ਼ ਦੀ ਸ਼ਨਾਖ਼ਤ ਕਰ ਲਈ ਹੈ।


ਪਰਿਵਾਰ ਅੱਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਿਆ ਜਿੱਥੇ ਪਰਿਵਾਰ ਨੂੰ ਬੱਚੇ ਦੀ ਲਾਸ਼ ਸੌਂਪ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਅੱਜ ਹੀ ਬੱਚੇ ਦਾ ਸਸਕਾਰ ਕਰ ਦਿੱਤਾ ਜਾਏਗਾ। ਡੀਐਸਪੀ ਮੁਤਾਬਕ ਪਰਿਵਾਰ ਲਾਸ਼ ਨਾਲ ਡੀਐਨਏ ਸੈਂਪਲ ਮੈਚ ਕਰਾਉਣ ਲਈ ਵੀ ਸਹਿਮਤ ਹੋ ਗਿਆ ਹੈ।


ਹੁਣ ਪੁਲਿਸ ਦੋਵਾਂ ਬੱਚਿਆਂ ਦੀ ਪੋਸਟਮਾਰਟਮ ਰਿਪੋਰਟ ਜ਼ਰੀਏ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਆਖ਼ਰ ਬੱਚਿਆਂ ਦੀ ਮੌਤ ਕਿਸ ਵਜ੍ਹਾ ਕਰਕੇ ਹੋਈ? ਦੱਸ ਦੇਈਏ ਕਿੰਨੀ ਵਾਰ ਪੁਲਿਸ ਨੇ ਲਾਸ਼ ਦੀ ਸ਼ਨਾਖ਼ਤ ਕਰਨ ਲਈ ਪਰਿਵਾਰ ਦੀ ਇਜਾਜ਼ਤ ਮੰਗੀ, ਪਰ ਪਰਿਵਾਰ ਨੇ ਹਮੇਸ਼ਾ ਲਾਸ਼ ਦੀ ਸ਼ਨਾਖ਼ਤ ਕਰਨੋਂ ਮਨ੍ਹਾ ਕਰ ਦਿੱਤਾ ਸੀ। ਪਰਿਵਾਰ ਨੇ ਡੀਐਨਏ ਟੈਸਟ ਕਰਵਾਉਣੋਂ ਵੀ ਇਨਕਾਰ ਕੀਤਾ ਜਿਸ ਕਰਕੇ ਪੁਲਿਸ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ। ਹੁਣ ਪਰਿਵਰ ਨੇ ਇਸ ਲਈ ਹਾਮੀ ਭਰ ਦਿੱਤੀ ਹੈ।