ਚੰਡੀਗੜ੍ਹ: ਪਟਿਆਲਾ ਪੁਲਿਸ ਨੇ ਮਾਰੂ ਹਥਿਆਰਾਂ ਸਮੇਤ ਭਗੌੜੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਹੁਸ਼ਿਆਰਪੁਰ ਪੁਲਿਸ 'ਤੇ ਹਥਿਆਰਾਂ ਨਾਲ ਹਮਲਾ ਕਰਕੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਛੁਡਾ ਕੇ ਭਜਾਉਣ ਦੀ ਵਾਰਦਾਤ ਵਿੱਚ ਸ਼ਾਮਲ ਸੀ। ਉਸ ਨਾਲ ਉਸ ਦੇ ਇੱਕ ਸਾਥੀ ਨੂੰ ਵੀ ਕਾਬੂ ਕੀਤਾ ਗਿਆ ਹੈ। ਦੁਆਬੇ ਵਿੱਚ ਸਰਗਰਮ ਇਹ ਦੋਵੇਂ ਜਣੇ ਪਿਛਲੇ ਹਫ਼ਤੇ ਤੋਂ ਪਟਿਆਲਾ 'ਚ ਰਹਿ ਰਹੇ ਸਨ। ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਸਨ।


ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਮੁਤਾਬਕ ਦੋਵਾਂ ਬਦਮਾਸ਼ਾਂ ਦੀ ਪਛਾਣ ਮਨਕੀਰਤ ਸਿੰਘ ਉਰਫ ਮਨੀ ਤੇ ਦਲਜੀਤ ਸਿੰਘ ਉਰਫ ਡੱਲੀ ਵਾਸੀਆਨ ਜਲੰਧਰ (ਦਿਹਾਤੀ) ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਪਿਸਤੌਲ 32 ਬੋਰ ਸਮੇਤ 7 ਰੌਂਦ ਤੇ ਇੱਕ ਪਿਸਤੌਲ ਦੇਸੀ ਕੱਟਾ 9 ਐਮਐਮ ਸਮੇਤ 5 ਰੌਂਦ ਬਰਾਮਦ ਕੀਤੇ ਹਨ। ਦੋਵਾਂ ਖਿਲਾਫ ਅਸਲਾ ਐਕਟ ਅਧੀਨ ਥਾਣਾ ਅਰਬਨ ਅਸਟੇਟ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਮਨਕੀਰਤ ਸਿੰਘ ਮਨੀ ਵਿਰੁੱਧ ਇਰਾਦਾ ਕਤਲ, ਲੜਾਈ ਝਗੜੇ ਤੇ ਪੁਲਿਸ ਹਿਰਾਸਤ ਵਿੱਚੋਂ ਵਿਅਕਤੀ ਭਜਾਉਣ ਦੇ ਕੁੱਲ 5 ਮੁਕੱਦਮੇ ਦਰਜ ਹਨ। ਇਨ੍ਹਾਂ ਮਾਮਲਿਆਂ ਵਿੱਚੋਂ ਇਹ ਭਗੌੜਾ ਚੱਲਦਾ ਆ ਰਿਹਾ ਸੀ। ਪਟਿਆਲਾ ਪੁਲਿਸ ਨੂੰ ਵੀ ਇਹ ਲੋੜੀਦਾ ਸੀ। ਇਸ ਦਾ ਨੇੜਲਾ ਸਾਥੀ ਦਲਜੀਤ ਸਿੰਘ ਡੱਲੀ ਵੀ ਇਰਾਦਾ ਕਤਲ, ਲੁੱਟ ਖੋਹ, ਐਨਡੀਪੀਐਸ ਐਕਟ ਦੇ ਕੁੱਲ 11 ਮੁਕੱਦਮਿਆਂ ਵਿੱਚ ਲੋੜੀਂਦਾ ਹੈ। ਇਨ੍ਹਾਂ ਦੋਵਾਂ ਦੇ ਮਾਪੇ ਕੈਨੇਡਾ ਵਿੱਚ ਰਹਿੰਦੇ ਹਨ। ਆਪਣੇ ਗੁਜ਼ਾਰੇ ਲਈ ਇਹ ਪੈਸਾ ਵੀ ਬਾਹਰੋਂ ਹੀ ਮੰਗਵਾਉਂਦੇ ਸਨ।