ਜਲੰਧਰ: ਬੁੱਧਵਾਰ ਸਵੇਰੇ ਜਲੰਧਰ ਦੇ ਪਠਾਨਕੋਟ ਰੋਡ 'ਤੇ ਹੋਏ  ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਲੰਧਰ ਦੇ ਇੱਕ ਹਸਪਤਾਲ ਵਿੱਚ ਭਰਤੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਰੀਜ਼ ਛੁੱਟੀ ਮਿਲਣ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ।


ਦਰਅਸਲ, ਰਸਤੇ ਵਿੱਚ ਕਾਰ ਦੇ ਡਰਾਈਵਰ ਨੂੰ ਨੀਂਦ ਆ ਗਈ ਤੇ ਕਾਰ ਬੇਕਾਬੂ ਹੋ ਕਿ ਰੁੱਖ ਨਾਲ ਟਕਰਾ ਗਈ। ਫਿਰ ਜਾ ਕਿ ਟੋਏ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਮਰੀਜ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਕੀ ਜ਼ਖਮੀਆਂ ਵਿੱਚ ਮ੍ਰਿਤਕ ਦੀ ਪਤਨੀ ਤੇ ਦੋ ਹੋਰ ਲੋਕਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਹਾਦਸਾ ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ ਜਲੰਧਰ-ਪਠਾਨਕੋਟ ਰੋਡ 'ਤੇ ਪੰਚਰੰਗਾ ਪਿੰਡ ਨੇੜੇ ਵਾਪਰਿਆ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਯਾਨੀ ਦਾ ਵਸਨੀਕ ਹਰਵਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਪਿਛਲੇ ਕਈ ਦਿਨਾਂ ਤੋਂ ਕਿਸੇ ਬਿਮਾਰੀ ਕਾਰਨ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸੀ। ਉਹ ਆਪਣੀ ਪਤਨੀ ਕੁਲਦੀਪ ਕੌਰ, ਸਾਲੇ ਗਗਨਦੀਪ ਸਿੰਘ ਅਤੇ ਡਰਾਈਵਰ ਗੁਰਮੀਤ ਸਿੰਘ ਨਾਲ ਆਲਟੋ ਕਾਰ ਵਿੱਚ ਸਵਾਰ ਹੋ ਕੇ ਘਰ ਪਰਤ ਰਿਹਾ ਸੀ।

ਇਸ ਹਾਦਸੇ ਵਿੱਚ ਹਰਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕੁਲਦੀਪ ਕੌਰ, ਗਗਨਦੀਪ ਅਤੇ ਕਾਰ ਚਾਲਕ ਗੁਰਮੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਜਲੰਧਰ ਦੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।