ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸਿਹਤ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਤੇ ਚੰਗੇ ਇਲਾਜ ਦੇ ਦਾਅਵੇ ਕਰਦੀ ਹੈ, ਉੱਥੇ ਹੀ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਆਪਣੇ ਹਲਕੇ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਐਕਸਪੈਰੀ ਤਾਰੀਖ ਦੀ ਗੁਲੂਕੋਜ਼ ਲਾਉਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵਿਭਾਗ 'ਚ ਹੜਕੰਪ ਮਚ ਗਿਆ ਹੈ।


ਦਰਅਸਲ 'ਚ ਇਹ ਮਾਮਲਾ 10 ਜੁਲਾਈ, 2022 ਦਾ ਹੈ ਪਰ ਇਸ ਸਬੰਧੀ ਮਰੀਜ਼ ਵੱਲੋਂ ਬਣਾਈ ਗਈ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮਰੀਜ਼ ਦੀ ਪਤਨੀ ਨੇ ਮੋਬਾਈਲ ਦੀ ਮਦਦ ਨਾਲ ਐਕਸਪਾਇਰੀ ਡੇਟ ਵਾਲੇ ਗੁਲੂਕੋਜ਼ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਸਬੰਧਤ ਫਾਰਮਾਸਿਸਟ ਨੇ ਉਸ ਨਾਲ ਦੁਰਵਿਵਹਾਰ ਕੀਤਾ।

ਇਸ ਦਾ ਪਤਾ ਲੱਗਣ 'ਤੇ ਹਸਪਤਾਲ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੀ ਬਜਾਏ ਗੁਲੂਕੋਜ਼ ਲਗਾਉਣ ਵਾਲੇ ਫਾਰਮਾਸਿਸਟ ਤੇ ਮਰੀਜ਼ ਵਿਚਕਾਰ ਸਮਝੌਤਾ ਕਰਵਾ ਦਿੱਤਾ। ਇਸ ਦੇ ਨਾਲ ਹੀ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਰਮਾਸਿਸਟ ਨੇ ਮਰੀਜ਼ ਤੋਂ ਮੁਆਫੀ ਮੰਗ ਲਈ ਸੀ। ਮਰੀਜ਼ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਹਸਪਤਾਲ ਦੇ ਸਟਾਫ਼ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਉਧਰ ਸਹਾਇਕ ਸਿਵਲ ਸਰਜਨ ਡਾ: ਵਿਕਾਸ ਗੋਇਲ ਨੇ ਦੱਸਿਆ ਕਿ ਸਮਾਣਾ ਦੇ ਸਿਵਲ ਹਸਪਤਾਲ ਦੇ ਐਸਐਮਓ ਤੋਂ ਜਵਾਬ ਤਲਬ ਕੀਤਾ ਗਿਆ ਹੈ। ਜੇਕਰ ਜਵਾਬ ਤਸੱਲੀਬਖਸ਼ ਨਾ ਪਾਇਆ ਗਿਆ ਤਾਂ ਮਾਮਲੇ 'ਚ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਜੋ ਗਲੂਕੋਜ਼ ਦਿੱਤਾ ਜਾ ਰਿਹਾ ਸੀ, ਉਸ ਦੀ ਮਿਆਦ ਮਈ 2022 ਵਿੱਚ ਖਤਮ ਹੋ ਗਈ ਸੀ। ਮਰੀਜ਼ ਨੂੰ ਦੋ ਮਹੀਨੇ ਪੁਰਾਣਾ ਗੁਲੂਕੋਜ਼ ਦਿੱਤਾ ਜਾ ਰਿਹਾ ਸੀ ਪਰ ਇਸੇ ਦੌਰਾਨ ਮਰੀਜ਼ ਦੀ ਪਤਨੀ ਨੇ ਗੁਲੂਕੋਜ਼ 'ਤੇ ਐਕਸਪਾਇਰੀ ਡੇਟ ਵੇਖੀ। ਉਦੋਂ ਤੱਕ ਮਰੀਜ਼ ਨੂੰ ਅੱਧਾ ਗਲੂਕੋਜ਼ ਦਿੱਤਾ ਜਾ ਚੁੱਕਾ ਸੀ। ਹਾਲਾਂਕਿ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੈ।