ਟੋਰਾਂਟੋ: ਕੈਨੇਡਾ 'ਚ ਤਿੰਨ ਪੰਜਾਬੀਆਂ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਹੁਣ ਉਹ ਸਲਾਖਾਂ ਪਿੱਛੇ ਪਹੁੰਚ ਗਏ ਹੈ। ਪੀਲ ਰੀਜਨਲ ਪੁਲਿਸ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਤਹਿਤ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕੇਸ ਵਿੱਚ ਪੀੜਤ ਦੀ ਉਮਰ 18 ਸਾਲ ਤੋਂ ਘੱਟ ਹੈ। ਪੁਲਿਸ ਨੇ ਬਰੈਂਪਟਨ ਸ਼ਹਿਰ ਤੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਚੌਥੇ ਦੀ ਭਾਲ ਜਾਰੀ ਹੈ, ਜੋ ਦੱਖਣੀ ਏਸ਼ੀਆ ਤੋਂ ਹੈ।
ਇਹ ਮਾਮਲਾ 18 ਸਾਲ ਤੋਂ ਘੱਟ ਉਮਰ ਦੀ ਲੜਕੀ ਦੀ ਤਸਕਰੀ ਦੀ ਜਾਂਚ ਨਾਲ ਸਬੰਧਤ ਹੈ। ਮੁਲਜ਼ਾਮ ਉਸ ਨੂੰ ਦੇਹ ਵਪਾਰ ਕਰਨ ਲਈ ਮਜਬੂਰ ਕਰ ਰਹੇ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 23 ਸਾਲਾ ਅੰਮ੍ਰਿਤਪਾਲ ਸਿੰਘ ਤੇ 22 ਸਾਲਾ ਹਰਕੁਵਰ ਸਿੰਘ 'ਤੇ 18 ਸਾਲ ਤੋਂ ਘੱਟ ਉਮਰ ਦੀ ਲੜਕੀ ਦੀ ਤਸਕਰੀ, 18 ਸਾਲ ਤੋਂ ਘੱਟ ਉਮਰ ਦੀ ਲੜਕੀ ਦਾ ਜਿਨਸੀ ਸੋਸ਼ਣ, ਕੈਦ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਹਨ।
ਰਿਪੋਰਟ ਮੁਤਾਬਕ 23 ਸਾਲਾ ਸੁਖਮਨਪ੍ਰੀਤ ਸਿੰਘ 'ਤੇ ਕੈਦ ਵਿੱਚ ਰੱਖਣ ਤੇ ਹਮਲੇ ਕਰਨ ਦੇ ਦੋਸ਼ ਹਨ। ਲੜਕੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਬੀਤੇ ਦਿਨੀਂ ਪੇਸ਼ ਕੀਤਾ ਗਿਆ ਸੀ।