ਪਟਿਆਲਾ: ਸੀ.ਆਈ.ਏੇ. ਸਟਾਫ ਵੱਲੋਂ ਫੜੇ ਗਏ ਗੈਂਗਸਟਰ ਇੰਦਰਜੀਤ ਸਿੰਘ ਨਿਵਾਸੀ ਤਰਨਤਾਰਨ ਨੂੰ ਤਿੰਨ ਦਿਨ ਦਾ ਰਿਮਾਂਡ ਖ਼ਤਮ ਹੋਣ 'ਤੇ ਪੁਲਿਸ ਨੇ ਕੋਰਟ ਵਿੱਚ ਪੇਸ਼ ਕਰ ਪੰਜ ਦਿਨ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।
ਸੀ.ਆਈ.ਏੇ. ਸਟਾਫ-2 ਰਾਜਪੁਰਾ ਵੱਲੋਂ ਦਿੱਲੀ ਤੋਂ ਫੜੇ ਗੈਂਗਸਟਰ ਵਿੱਕੀ ਗੌਂਡਰ ਦਾ ਖ਼ਾਸ-ਮ-ਖ਼ਾਸ ਸਾਥੀ ਇੰਦਰਜੀਤ ਨੂੰ ਸ਼ੁੱਕਰਵਾਰ ਨੂੰ ਤਿੰਨ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉੱਤੇ ਅੱਜ ਰਾਜਪੁਰਾ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਦੇ ਰਿਮਾਂਡ ਨੂੰ 27 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕੇ ਉਕਤ ਗੈਂਗਸਟਰ ਨੇ ਗ੍ਰਿਫਤਾਰੀ ਤੋਂ ਪਹਿਲਾਂ ਵੀਡੀਓ ਰਾਹੀਂ ਧਮਕੀ ਦਿੰਦਿਆਂ ਕਿਹਾ ਸੀ ਕਿ ਉਹ "ਵਿੱਕੀ ਗੌਂਡਰ ਦੇ ਜੀਜੇ" ਦੇ ਨਾਂ 'ਤੇ ਬਣਾਏ ਫੇਸਬੁੱਕ ਪੇਜ ਬਾਰੇ ਰੋਪੜ ਦੇ ਹੈਪੀ ਨਾਂ ਦੇ ਗੈਂਗਸਟਰ ਨੂੰ 2-4 ਦਿਨਾਂ ਵਿੱਚ ਸਬਕ ਸਿਖਾ (ਕਤਲ) ਦੇਵੇਗਾ। ਇਸ ਦੀ ਸੂਚਨਾ ਪੁਲਿਸ ਹੱਥ ਲੱਗ ਗਈ ਅਤੇ ਉਸਨੂੰ IGI TERMINAL 3 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਮੁਤਾਬਕ ਮੁਲਜ਼ਮ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਤੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ। ਪੁਲਿਸ ਉਸ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਭਾਰਤ ਵਿੱਚ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਪੁਲਿਸ ਨੇ ਅੱਜ ਦੇਰ ਸ਼ਾਮ ਉਸ ਨੂੰ ਅਦਾਲਤ ਪੇਸ਼ ਕਰ ਵਿੱਕੀ ਗੌਂਡਰ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਬਿਨਾਹ 'ਤੇ ਪੰਜ ਦਿਨ ਦਾ ਹੋਰ ਪੁਲਿਸ ਰਿਮਾਂਡ ਹਾਸਿਲ ਕਰ ਲਿਆ।