ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਲੰਬੇ ਸਮੇਂ ਤੋਂ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਰਾਤ ਨੂੰ 1 ਵਜੇ ਮੁਜ਼ਾਹਰਾਕਾਰੀ ਲੜਕੇ-ਲੜਕੀਆਂ ਨੂੰ ਜਬਰੀ ਬੱਸਾਂ ਵਿੱਚ ਭਰ ਕੇ ਫਤਿਹਗੜ੍ਹ ਸਾਹਿਬ,  ਗੁਰਦੁਆਰਾ ਜੋਤੀਸਰ ਸਾਹਿਬ ਦੇ ਸਾਹਮਣੇ 90 ਕਿਲੋਮੀਟਰ ਦੂਰ ਸੜਕ ’ਤੇ ਛੱਡ ਦਿੱਤਾ ਗਿਆ।

ਦੱਸ ਦਈਏ ਕਿ ਕਰੀਬ 3 ਮਹੀਨਿਆਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ "2016 ਪੁਲਿਸ ਪੈਂਡਿੰਗ ਯੂਨੀਅਨ" ਤੇ "ਕੋਵਿਡ ਦੇ ਸਮੇਂ ਵਿੱਚ ਕੰਮ ਕਰ ਰਹੀ ਕੋਰੋਨਾ ਵਾਰੀਅਰ ਯੂਨੀਅਨ" ਲੜਕੇ-ਲੜਕੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਰਾਤ 1 ਵਜੇ ਦੇ ਕਰੀਬ ਉਨ੍ਹਾਂ ਨੂੰ ਸੰਗਰੂਰ ਪੁਲਿਸ ਵੱਲੋਂ ਜ਼ਬਰਦਸਤੀ ਬੱਸਾਂ ਵਿੱਚ ਭਰ ਕੇ  ਫਤਿਹਗੜ੍ਹ ਸਾਹਿਬ, ਗੁਰਦੁਆਰਾ ਜੋਤੀਸਰ ਸਾਹਿਬ ਦੇ ਸਾਹਮਣੇ 90 ਕਿਲੋਮੀਟਰ ਦੂਰ ਸੜਕ ’ਤੇ ਛੱਡ ਦਿੱਤਾ ਗਿਆ।

ਕੋਵਿਡ ਵਾਰੀਅਰ ਲੜਕੀਆਂ ਨੇ ਦੱਸਿਆ ਕਿ ਅੱਜ ਸਾਡੀ ਯੂਨੀਅਨ ਦੀ ਪੰਜਾਬ ਦੇ ਸਿਹਤ ਮੰਤਰੀ ਨਾਲ ਮੀਟਿੰਗ ਹੋਈ ਸੀ ਤੇ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਆ ਕੇ ਆਪਣੇ ਧਰਨੇ 'ਤੇ ਬੈਠ ਗਏ ਸੀ ਪਰ ਰਾਤ ਸਾਢੇ 11 ਵਜੇ ਸਾਨੂੰ ਜ਼ਬਰਦਸਤੀ ਬੱਸਾਂ 'ਚ ਬਿਠਾਇਆ ਗਿਆ ਤੇ ਕਰੀਬ ਰਾਤ 1:00 ਵਜੇ ਫਤਿਹਗੜ੍ਹ ਸਾਹਿਬ, ਜਾ ਕੇ ਸੜਕ 'ਤੇ ਉਤਾਰ ਦਿੱਤਾ ਗਿਆ?

ਉਨ੍ਹਾਂ ਦੱਸਿਆ ਕਿ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਰਾਤ ਨੂੰ ਸੜਕਾਂ 'ਤੇ ਘੁੰਮ ਰਹੀਆਂ ਹਨ, ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ। ਉਨ੍ਹਾਂ ਕਿਹਾ ਕਿ ਸਾਡੇ ਕੱਪੜੇ, ਸਾਡੇ ਪੈਸੇ, ਸਾਡੇ ਬੈਗ ਸਭ ਕੁਝ ਸੰਗਰੂਰ ਸੀਐਮ ਹਾਊਸ ਦੇ ਸਾਹਮਣੇ ਧਰਨੇ 'ਤੇ ਪਿਆ ਹੈ। ਨੌਜਵਾਨ ਦੱਸ ਰਹੇ ਹਨ ਕਿ ਪੁਲਿਸ ਨੇ ਫ਼ਤਹਿਗੜ੍ਹ ਸਾਹਿਬ, ਜੋਤੀਸਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੜਕਾਂ 'ਤੇ ਉਤਾਰ ਕੇ ਵੀਡੀਓ ਬਣਾ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਅਸੀਂ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਛੱਡ ਦਿੱਤਾ ਹੈ ਪਰ ਰਾਤ ਨੂੰ ਅਸੀਂ ਸੜਕਾਂ 'ਤੇ ਘੁੰਮ ਰਹੇ ਹਾਂ।

ਉਨ੍ਹਾਂ ਕਿਹਾ ਕਿ ਹੁਣ ਅਸੀਂ ਦੁਬਾਰਾ ਸੰਗਰੂਰ ਆਵਾਂਗੇ, ਜੇਕਰ ਰਾਤ ਸਮੇਂ ਲੜਕੀਆਂ ਜਾਂ ਲੜਕਿਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸੰਗਰੂਰ ਪ੍ਰਸ਼ਾਸਨ ਦੀ ਹੋਵੇਗੀ। ਧਰਨਾਕਾਰੀਆਂ ਨੇ ਕਿਹਾ ਕਿ ਲੜਕੇ-ਲੜਕੀਆਂ ਟਰੱਕ ਵਿੱਚ ਬੈਠ ਕੇ ਮੁੜ ਸੰਗਰੂਰ ਪਹੁੰਚ ਚੁੱਕੇ ਹਾਂ ਪਰ ਸਾਡੇ ਧਰਨੇ ਵਾਲੇ ਟੈਂਟ ਤੇ ਸਾਡਾ ਸਾਰਾ ਸਮਾਨ ਉਥੋਂ ਪੁੱਟ ਦਿੱਤਾ ਗਿਆ ਹੈ।