Fazilka News: ਫਾਜ਼ਿਲਕਾ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ 'ਤੇ ਹਮਲੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਫਾਜ਼ਿਲਕਾ ਦੇ ਪਿੰਡ ਬਖੂਸ਼ਾਹ ਦਾ ਹੈ, ਜਿੱਥੇ ਇਲਾਕੇ 'ਚ ਖੁਫੀਆ ਮਿਸ਼ਨ 'ਤੇ ਗਈ ਫਾਜ਼ਿਲਕਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ 'ਤੇ ਕੁਝ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ।

ਇਸ ਹਮਲੇ 'ਚ 3 ਪੁਲਿਸ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਬਾਰੇ ਅਜੇ ਤੱਕ ਕੁਝ ਨਹੀਂ ਦੱਸਿਆ ਜਾ ਰਿਹਾ ਹੈ। ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਪੱਖ ਤੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ।

ਇਸ ਮਾਮਲੇ 'ਚ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ ਹੈ। ਦਿਹਾਤੀ ਬਲਵਿੰਦਰ ਸਿੰਘ ਪੰਚਾਇਤ ਮੈਂਬਰ ਪਿੰਡ ਬੱਖੂ ਸ਼ਾਹ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 11 ਵਜੇ 6 ਪੁਲਿਸ ਮੁਲਾਜ਼ਮ ਬਿਨਾਂ ਵਰਦੀ ਤੋਂ ਪਿੰਡ ਵਿੱਚ ਛਾਪਾ ਮਾਰਨ ਗਏ ਸਨ। ਜਿਨ੍ਹਾਂ ਨੂੰ ਉਥੇ ਮੌਜੂਦ ਕੁਝ ਪਿੰਡ ਵਾਸੀਆਂ ਨੇ ਘੇਰ ਲਿਆ ਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।


ਇਹ ਵੀ ਪੜ੍ਹੋ :  ਸੜਕ 'ਤੇ ਰੀਲ ਬਣਾ ਰਹੀ ਸੀ ਲਾੜੀ , ਪੁਲਿਸ ਨੇ ਕੱਟਿਆ ਭਾਰੀ ਚਲਾਨ, ਕਿਹਾ- ਸੜਕ 'ਤੇ ਨਾ ਕਰੋ ਅਜਿਹੀਆਂ ਬੇਵਕੂਫੀਆਂ

ਇਸ ਤੋਂ ਇਲਾਵਾ ਜਦੋਂ ਇਨ੍ਹਾਂ ਮੁਲਾਜ਼ਮਾਂ ਨੇ ਆਪਣਾ ਪਛਾਣ ਪੱਤਰ ਦਿਖਾਉਣਾ ਚਾਹਿਆ ਤਾਂ ਉਨ੍ਹਾਂ ਦੇ ਪਛਾਣ ਪੱਤਰ ਵੀ ਪਾੜ ਦਿੱਤੇ ਗਏ। ਪੰਚਾਇਤ ਮੈਂਬਰ ਅਨੁਸਾਰ ਇਨ੍ਹਾਂ ਵਿੱਚੋਂ ਦੋ ਪੁਲਿਸ ਮੁਲਾਜ਼ਮਾਂ ਦੇ ਰਿਵਾਲਵਰ ਵੀ ਖੋਹ ਲਏ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਉਥੇ ਬੀਐਸਐਫ ਦੇ ਹਵਾਲੇ ਕਰ ਦਿੱਤਾ ਗਿਆ ਤੇ ਬਾਕੀ ਪੁਲਿਸ ਮੁਲਾਜ਼ਮ ਉਥੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਜਾ ਕੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਬੀ.ਐਸ.ਐਫ ਤੋਂ ਛੁਡਵਾਇਆ ਤੇ ਵਾਪਸ ਲਿਆ ਕੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ।

 ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਫਾਜ਼ਿਲਕਾ ਦੇ ਸਦਰ ਥਾਣਾ ਪੁਲਸ ਨੇ ਪੁਲਿਸ ਟੀਮ 'ਤੇ ਹਮਲਾ ਕਰਨ ਦੇ ਦੋਸ਼ 'ਚ ਕਰੀਬ 16 ਤੋਂ 17 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਦਕਿ ਕੁਝ ਅਣਪਛਾਤੇ ਵਿਅਕਤੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਫਿਲਹਾਲ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।