ਜਲੰਧਰ: ਸ਼ਹਿਰ ਦੇ ਮਕਸੂਦਾਂ ਥਾਣੇ ਵਿੱਚ ਧਮਾਕੇ ਕਰਨ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਦੋਵੇਂ ਕਸ਼ਮੀਰੀ ਮੁੰਡਿਆਂ ਨੂੰ ਪੁਲਿਸ ਚਾਰ ਦਿਨ ਦਾ ਰਿੜਕੇਗੀ। ਗ੍ਰਿਫ਼ਤਾਰੀ ਮਗਰੋਂ ਚਾਰ ਦਿਨ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੁਲਿਸ ਨੇ ਅੱਜ ਦੋਵੇਂ ਵਿਦਿਆਰਥੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਦੋਵੇਂ ਮੁਲਜ਼ਮਾਂ ਦੇ ਰਿਮਾਂਡ ਵਿੱਚ ਚਾਰ ਦਿਨਾਂ ਦਾ ਵਾਧਾ ਕਰ ਦਿੱਤਾ ਹੈ।

ਜਲੰਧਰ ਉੱਤਰ ਦੇ ਵਧੀਕ ਪੁਲਿਸ ਕਮਿਸ਼ਨਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਤੋਂ ਦੋਵੇਂ ਮੁੰਡਿਆਂ ਦਾ ਸੱਤ ਦਿਨਾਂ ਦਾ ਰਿਮਾਂਡ ਕੋਰਟ ਤੋਂ ਮੰਗਿਆ ਸੀ ਪਰ ਅਦਾਲਤ ਨੇ ਚਾਰ ਦਿਨ ਦਾ ਰਿਮਾਂਡ ਦੇ ਦਿੱਤਾ। ਇਸ ਦੌਰਾਨ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮਕਸੂਦਾਂ ਥਾਣੇ ਵਿੱਚ ਧਮਾਕਾ ਕਰਨ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਦੋ ਹੋਰ ਮੁੰਡਿਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ ਚਾਰ ਨਵੰਬਰ ਨੂੰ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਚਾਰ ਕਸ਼ਮੀਰੀ ਵਿਦਿਆਰਥੀਆਂ ਨੇ ਜਲੰਧਰ ਦੇ ਮਕਸੂਦਾਂ ਥਾਣੇ ਵਿੱਚ ਬੀਤੀ 14 ਸਤੰਬਰ ਨੂੰ ਹੱਥਗੋਲੇ ਸੁੱਟ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ।