ਤਰਨ ਤਾਰਨ: ਇੱਥੇ ਦੇ ਥਾਣਾ ਵਲਟੋਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਗਈ। ਏਐਸਆਈ ਸਤਨਾਮ ਸਿੰਘ ਦੀ ਅਗਵਾਈ ‘ਚ ਕਾਰਵਾਈ ਕਰਨ ਗਈ ਟੀਮ ‘ਤੇ ਨਸ਼ਾ ਤਸਕਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ‘ਚ ਪੁਲਿਸ ਦਾ ਇੱਕ ਮੁਲਾਜ਼ਮ ਵੀਰਾਜ ਸਿੰਘ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ ਐਸਐਚਓ ਹਰਚੰਦ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਵਲਟੋਹਾ ਦੇ ਗੁਰਸਾਹਿਬ ਸਿੰਘ ਨਸ਼ੇ ਦਾ ਕਾਰੋਬਾਰ ਕਰਦਾ ਹੈ। ਇਸ ਤੋਂ ਬਾਅਦ ਸਤਨਾਮ ਸਿੰਘ ਨੇ ਟੀਮ ਨਾਲ ਗੁਰਸਾਹਿਬ ਦੇ ਘਰ ਰੇਡ ਕੀਤੀ। ਇਸ ਦੌਰਾਨ ਗੁਰਸਾਹਿਬ ਭੱਜਣ ਲੱਗਿਆ ਤਾਂ ਪੁਲਿਸ ਨਾਲ ਉਸ ਦੀ ਤਕਰਾਰ ਹੋ ਗਈ। ਇਸ ਦੌਰਾਨ ਗੁਰਸਾਹਿਬ ਨੇ ਕੈਂਚੀ ਨਾਲ ਮੁਲਾਜ਼ਮ ਵੀਰਾਜ ਸਿੰਘ ‘ਤੇ ਹਮਲਾ ਕਰ ਦਿੱਤਾ ਜਿਸ ‘ਚ ਵੀਰਾਜ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।

ਗੁਰਸਾਹਿਬ ਸਿੰਘ

ਪੁਲਿਸ ਨੇ ਗੁਰਸਾਹਿਬ ਨੂੰ ਫੜ ਲਿਆ ਹੈ ਜਿਸ ਨੇ ਆਪਣੇ ‘ਤੇ ਲੱਗੇ ਨਸ਼ੇ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਸ ਨੇ ਪੁਲਿਸ ‘ਤੇ ਇਲਜ਼ਾਮ ਲਾਉਂਦੇ ਕਿਹਾ ਕਿ ਪੁਲਿਸ ਸਿਵਲ ਵਰਦੀ ‘ਚ ਉਸ ਦੇ ਘਰ ਆਏ ਤੇ ਉਸ ਨਾਲ ਕੁੱਟਮਾਰ ਕੀਤੀ। ਇਸ ਸਬੰਧੀ ਪੁਲਿਸ ਨੇ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।