ਗਗਨਦੀਪ ਸ਼ਰਮਾ


ਅੰਮ੍ਰਿਤਸਰ: ਮਾਝੇ ਦੀ ਸਿਆਸਤ 'ਚ ਹਮੇਸ਼ਾ ਵੱਡਾ ਸਥਾਨ ਰੱਖਦੇ ਬਾਬਾ ਬਕਾਲਾ ਸਾਹਿਬ ਦੇ ਮੇਲਾ ਰੱਖੜ ਪੁੰਨਿਆ (22 ਅਗਸਤ) ਲਈ ਇਸ ਵਾਰ ਸਰਕਾਰ ਵੱਲੋੰ ਕੋਵਿਡ ਬਾਬਤ ਭਾਵੇਂ ਹਾਲੇ ਤਕ ਕੋਈ ਗਾਈਡਲਾਈਨਜ ਨਹੀਂ ਜਾਰੀ ਕੀਤੀਆਂ ਗਈਆਂ ਪਰ ਵਿਧਾਨ ਸਭਾ ਚੋਣਾਂ ਸਿਰ 'ਤੇ ਹੋਣ ਕਰਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਬਾਬਾ ਬਕਾਲਾ ਵਿਖੇ ਸਿਆਸੀ ਕਾਨਫਰੰਸਾਂ ਕਰਵਾਉਣ ਲਈ ਕਮਰਕੱਸੇ ਕਰ ਲਏ ਹਨ।


ਪਿਛਲੇ ਵਰ੍ਹੇ ਕੋਵਿਡ ਕਾਰਨ ਬਾਬਾ ਬਕਾਲਾ ਵਿਖੇ ਸਿਆਸੀ ਕਾਨਫਰੰਸਾਂ ਸਰਕਾਰ ਦੇ ਹੁਕਮਾਂ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਰੱਦ ਕਰ ਦਿੱਤੀਆਂ ਸਨ ਅਤੇ ਹੁਣ ਸੂਬੇ 'ਚ ਕੋਵਿਡ ਦੇ ਕੇਸ ਕਾਫੀ ਹੱਦ ਤਕ ਘਟਣ ਕਾਰਨ ਸਿਆਸੀ ਪਾਰਟੀਆਂ ਕਾਨਫਰੰਸਾਂ ਕਰਵਾਉਣ ਲਈ ਮੈਦਾਨ 'ਚ ਨਿੱਤਰ ਆਈਆਂ ਹਨ ਤੇ ਜੇਕਰ ਹਾਲਾਤ ਸੁਖਾਵੇ ਰਹੇ ਤਾਂ ਬਾਬਾ ਬਕਾਲਾ ਤੋਂ ਸਾਰੀਆਂ ਸਿਆਸੀ ਪਾਰਟੀਆਂ ਵਿਧਾਨ ਸਭਾ ਚੋਣਾਂ ਦਾ ਆਗ਼ਾਜ਼ ਕਰ ਦੇਣਗੀਆਂ।


ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ, ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਤੇ ਆਪ ਵੱਲੋਂ ਅਰਵਿੰਦ ਕੇਜਰੀਵਾਲ ਸਿਆਸੀ ਮਾਹੌਲ ਗਰਮ ਕਰਨ ਲਈ ਪੁੱਜਣਗੇ। ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਹਾਲੇ ਰਸਮੀ ਤੌਰ 'ਤੇ ਕਾਨਫਰੰਸ ਕਰਵਾਉਣ ਲਈ ਕਿਸੇ ਵੱਡੇ ਆਗੂ ਨੂੰ ਇੰਚਾਰਜ ਨਹੀਂ ਲਾਇਆ ਪਰ ਬਾਬਾ ਬਕਾਲਾ ਦੇ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਪਿੰਡਾਂ ਦੇ ਦੌਰੇ ਕਰਕੇ ਕਾਂਗਰਸੀ ਵਰਕਰਾਂ ਨੂੰ ਬਾਬਾ ਬਕਾਲਾ ਵਿਖੇ ਹੋਣ ਵਾਲੀ ਕਾਨਫਰੰਸ ਲਈ ਲਾਮਬੱਧ ਸ਼ੁਰੂ ਕਰ ਦਿੱਤਾ ਹੈ।




ਅਕਾਲੀ ਕਾਨਫਰੰਸ ਦੀ ਡੋਰ ਬਿਕਰਮ ਸਿੰਘ ਮਜੀਠੀਆ ਹੱਥ ਰਹੇਗੀ ਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਦੱਸਿਆ ਕਿ ਪਾਰਟੀ ਨੇ ਬੀਤੇ ਕੱਲ ਹੀ ਕਾਨਫਰੰਸ ਕਰਵਾਉਣ ਦਾ ਫੈਸਲਾ ਲਿਆ ਹੈ ਜਦਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਲਬੀਰ ਟੌਂਗ ਨੇ ਕਿਹਾ ਜੇਕਰ ਬਾਕੀ ਪਾਰਟੀਆਂ ਸਿਆਸੀ ਕਾਨਫਰੰਸਾਂ ਕਰਵਾਉਣਗੀਆਂ ਤਾਂ ਆਮ ਆਦਮੀ ਪਾਰਟੀ ਵੱਲੋਂ ਵੀ ਵੱਡੀ ਕਾਨਫਰੰਸ ਕਰਵਾਈ ਜਾਵੇਗੀ, ਜਿਸ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਣੇ ਸਾਰੀ ਲੀਡਰਸ਼ਿਪ ਪੁੱਜੇਗੀ।


ਪਿਛਲੇ ਡੇਢ ਸਾਲ ਤੋਂ ਪੰਜਾਬ ਦੇ ਚਾਰ ਵੱਡੇ ਮੇਲਿਆਂ ਮੌਕੇ ਸਿਆਸੀ ਕਾਨਫਰੰਸਾਂ ਕੋਰੋਨਾ ਕਾਰਨ ਨਹੀਂ ਹੋ ਸਕੀਆਂ ਅਤੇ ਬਾਬਾ ਬਕਾਲਾ ਤੋਂ ਇਸ ਵਾਰ ਮੁੜ ਇਨਾਂ ਕਾਨਫਰੰਸਾਂ ਦੇ ਸ਼ੁਰੂ ਹੋਣ ਦੀ ਇਸ ਵਾਰ ਪੂਰੀ ਸੰਭਾਵਨਾ ਹੈ। ਜਿਲਾ ਪ੍ਰਸ਼ਾਸ਼ਨ ਵੱਲੋਂ ਹਾਲੇ ਤਕ ਵੱਡੀ ਸੰਖਿਆ 'ਚ ਪੁੱਜਣ ਵਾਲੀ ਸੰਗਤ ਬਾਬਤ ਕੋਈ ਗਾਈਡਲਾਈਨਜ ਨਹੀਂ ਜਾਰੀ ਕੀਤੀ ਗਈ।