ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਦੇ ਬਹੁਤ ਮੇਲੇ ਮੌਸਮਾਂ, ਰੁੱਤਾਂ ਅਤੇ ਤਿਉਹਾਰਾਂ ਨਾਲ ਸਬੰਧਿਤ ਹਨ। ਰੁੱਤਾਂ ਵਿੱਚ ਸਭ ਤੋਂ ਮਿੱਠੀ ਤੇ ਹੁਸੀਨ ਰੁੱਤ ਬਸੰਤ ਦੀ ਹੈ। ਇਸ ਸੁਹਾਵਣੀ ਰੁੱਤੇ ਮਾਘ ਸੁਦੀ ਪੰਜ ਨੂੰ ਬਸੰਤ ਪੰਚਮੀ ਦਾ ਤਿਉਹਾਰ ਸਾਰੇ ਪੰਜਾਬ ਵਿੱਚ ਬੜੇ ਹੁਲਾਸ ਤੇ ਚਾਅ ਨਾਲ ਮਨਾਇਆ ਜਾਂਦਾ ਹੈ। ਅਨੇਕਾਂ ਥਾਈ ਨਿੱਕੇ-ਵੱਡੇ ਮੇਲੇ ਲਗਦੇ ਹਨ। ਪੰਜਾਬੀ ਦੇ ਹਰ ਮੇਲੇ ਦੀ ਆਪਣੀ ਨਵੇਕਲੀ ਸਖ਼ਸੀਅਤ,ਰੰਗ ਤੇ ਚਰਿੱਤਰ ਹੁੰਦਾ ਹੈ। ਇਹਨਾਂ ਦੀ ਬਹੁ-ਰੰਗਤਾ ਪੰਜਾਬੀਆਂ ਦੀ ਬਹੁ-ਪੱਖੀ ਜ਼ਿੰਦਗੀ ਦਾ ਹੁੰਗਾਰਾ ਭਰਦੀ ਹੈ।

ਪਟਿਆਲੇ ਤੇ ਛੇਹਰਟਾ ਦੀ ਬਸੰਤ ਪੰਚਮੀ ਖਾਸ ਪ੍ਰਸਿੱਧ ਹੈ। ਦੇਸ ਵੰਡ ਤੋਂ ਪਹਿਲਾਂ ਬਸੰਤ ਦਾ ਇੱਕ ਵੱਡਾ ਮੇਲਾ ਹਕੀਕਤ ਰਾਇ ਦੀ ਸਮਾਧ ‘ਤੇ ਲਾਹੋਰ ਵਿੱਚ ਲੱਗਿਆ ਕਰਦਾ ਸੀ।

ਫੱਗਣ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਹੋਲੀ ਰੰਗਾਂ ਦਾ ਤਿਉਹਾਰ ਹੈ। ਕਹਿੰਦੇ ਹਨ ਕਿ ਰੰਗਾਂ ਵਿੱਚ ਕੁਦਰਤ ਵਸਦੀ ਹੈ ਤੇ ਕੁਦਰਤ ਵਿੱਚ ਰੱਬ। ਰੰਗਾਂ ਨਾਲ ਖੇਡਦਾ ਪੰਜਾਬੀ ਕੁਦਰਤ ਤੇ ਰੱਬ ਦੋਹਾਂ ਨਾਲ ਇਕਸੁਰ ਹੋ ਜਾਂਦਾ ਹੈ।

ਗੁੱਗੇ ਨਾਲ ਸਬੰਧਿਤ ਮੇਲੇ: ਵਰਖਾ ਰੁੱਤ ਦੇ ਕੁਝ ਮੇਲੇ ਗੁੱਗੇ ਨਾਲ ਸਬੰਧਿਤ ਹਨ । ਗੁੱਗੇ ਦੀ ਪੂਜਾ, ਅਸਲ ਵਿੱਚ ਸਰਪ-ਪੂਜਾ ਦਾ ਹੀ ਰੂਪ ਹੈ। ਲੋਕ-ਧਾਰਾ ਮੁਤਾਬਕ, ਗੁੱਗਾ ਮੂਲ ਰੂਪ ਵਿੱਚ ਸੱਪਾਂ ਦਾ ਰਾਜਾ ਸੀ, ਜੋ ਮਨੁੱਖੀ ਜਾਮੇ ਵਿੱਚ ਸੰਸਾਰ ਵਿੱਚ ਆਇਆ। ਗੁੱਗੇ ਦੀ ਸਿਮਰਤੀ ਵਿੱਚ ਇੱਕ ਵੱਡਾ ਮੇਲਾ ਛਪਾਰ ਵਿਚ ਲਗਦਾ ਹੈ।



ਛਪਾਰ ਦਾ ਮੇਲਾ: ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ ਭਾਦਰੋਂ ਸੁਦੀ ਚੌਦਾਂ ਨੂੰ ਲਗਦਾ ਹੈ। ਇੱਥੇ ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਇੱਕ ਮਾੜੀ ਹੈ। ਇਸ ਦੀ ਗੁੱਗੇ ਦੇ ਭਗਤਾਂ ਨੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ ਸਥਾਪਨਾ ਕੀਤੀ । ਉਦੋਂ ਤੋਂ ਹੀ ਇਹ ਮੇਲਾ ਚਲਿਆ ਆ ਰਿਹਾ ਹੈ।

ਦੇਵੀ ਮਾਤਾ ਦੇ ਮੇਲੇ: ਕੁਝ ਮੇਲੇ ਦੇਵੀ ਮਾਤਾ ਨੂੰ ਪਤਿਆਣ ਲਈ ਲਗਦੇ ਹਨ। ਪੰਜਾਬ ਦੇ ਪਹਾੜੀ ਇਲਾਕੇ ਵਿੱਚ ਦੇਵੀ ਮਾਤਾ ਦੀ ਪੂਜਾ ਮੈਦਾਨੀ ਇਲਾਕੇ ਦੇ ਮੁਕਾਬਲੇ ਜ਼ਿਆਦਾ ਪ੍ਰਚਲਿਤ ਹੈ। ਦੇਵੀ ਦਾ ਮੁਖ ਅਸਥਾਨ ਜਵਾਲਾ ਮੁਖੀ ਹੈ। ਦੇਵੀ ਨਾਲ ਸਬੰਧਿਤ ਮੇਲੇ ਬਹੁਤੇ ਚੇਤਰ ਤੇ ਅੱਸੂ ਵਿੱਚ ਨਰਾਤਿਆਂ ਦੇ ਦਿਨੀਂ ਲਗਦੇ ਹਨ। ਚੰਡੀਗੜ੍ਹ ਦੇ ਨੇੜੇ ਮਨੀਮਾਜਰਾ ਵਿੱਚ ਹਰ ਸਾਲ ਦੇਵੀ ਦੇ ਦੋ ਭਰਵੇ ਮੇਲੇ ਲਗਦੇ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ਚਿੰਤਰਪੂਰਨੀ ਵਿਖੇ ਸਾਲ ਵਿੱਚ ਤਿੰਨ ਵੱਡੇ ਮੇਲੇ ਲਗਦੇ ਹਨ।



ਜਰਗ ਦਾ ਮੇਲਾ: ਇਹ ਮੇਲਾ ਚੇਤਰ ਦੇ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਜਰਗ ਪਿੰਡ ਵਿੱਚ ਸੀਤਲਾ ਦੇਵੀ ਨੂੰ ਪਤਿਆਉਣ ਲਈ ਲਗਦਾ ਹੈ। ਲੋਕਾਂ ਦਾ ਮਨਣਾ ਹੈ ਕਿ ਬੱਚਿਆਂ ਨੂੰ ਚੇਚਕ ਦੇ ਦਾਣੇ ਸੀਤਲਾ ਦੇਵੀ ਦੇ ਪ੍ਰਵੇਸ਼ ਕਰਨ ਨਾਲ ਨਿਕਲਦੇ ਹਨ। ਜਰਗ ਦਾ ਮੇਲਾ ਇੱਕ ਟੋਭੇ ਦੁਆਲੇ ਲਗਦਾ ਹੈ। ਇਸ ਮੇਲੇ ਵਿੱਚ ਖੋਤਿਆਂ ਦੀ ਬੜੀ ਕਦਰ ਕੀਤੀ ਜਾਂਦੀ ਹੈ।

ਪੀਰਾਂ ਫ਼ਕੀਰਾਂ ਦੀ ਸ਼ਰਧਾ ਵਿੱਚ ਮੇਲੇ: ਪੰਜਾਬੀਆਂ ਦੇ ਦਿਲਾਂ ਵਿੱਚ ਪੀਰਾਂ ਫ਼ਕੀਰਾਂ ਲਈ ਕਾਫੀ ਸ਼ਰਧਾ ਹੈ। ਖ਼ਾਨਗਾਹਾਂ, ਹੁਜਰਿਆਂ ਤੇ ਤੱਕੀਆਂ      ‘ਤੇ ਲਗਦੇ ਮੇਲੇ ਸੁਭਾਅ ਵਿੱਚ ਭਾਵੇਂ ਧਾਰਮਿਕ ਹਨ ਅਤੇ ਪੀਰਾਂ ਪ੍ਰਤੀ ਆਦਰ ਭਾਵ ਅਤੇ ਸ਼ਰਧਾ ਪ੍ਰਗਟਾਉਣ ਲਈ ਉਨ੍ਹਾਂ ਦੇ ਮੁਰੀਦਾਂ ਤੇ ਸੇਵਕਾਂ ਵੱਲੋ ਸ਼ੁਰੂ ਕੀਤੇ ਗਏ, ਪਰ ਸਮੇਂ ਦੇ ਗੇੜ ਨਾਲ ਇਹ ਸਾਂਝੇ ਸਭਿਆਚਾਰ ਤੇ ਭਾਵੁਕ ਏਕਤਾ ਦਾ ਹੁੰਗਾਰਾ ਭਰਦੇ ਹਨ।



ਜਗਰਾਵਾਂ ਦੀ ਰੋਸ਼ਨੀ: ਰੋਸ਼ਨੀ ਦਾ ਮੇਲਾ ਜਗਰਾਵਾਂ ਵਿੱਚ ਪ੍ਰਸਿੱਧ ਸੂਫ਼ੀ ਫਕੀਰ ਅਬਦੁੱਲ ਕਾਦਰ ਜਿਲਾਨੀ ਦੀ ਕਬਰ ‘ਤੇ ਹਰ ਸਾਲ 14, 15 ਤੇ 16 ਫੱਗਣ ਨੂੰ ਲਗਦਾ ਹੈ। ਭਾਵੇ ਇਹ ਮੇਲਾ ਮੁਸਲਮਾਨੀ ਮੁੱਢ ਦਾ ਹੈ, ਪਰ ਇਲਾਕੇ ਦੇ ਹਿੰਦੂ, ਸਿੱਖ ਵੀ ਇਸ ਮੇਲੇ ਹੁੰਮ-ਹੁੰਮਾ ਕੇ ਸ਼ਾਮਲ ਹੁੰਦੇ ਹਨ। ਇਸ ਮੇਲਾ ਦਾ ਨਾਂ 'ਰੋਸ਼ਨੀ' ਇਸ ਲਈ ਪਿਆ ਕਿ ਮੇਲੇ ਦੇ ਦਿਨੀਂ ਪੀਰ ਦੀ ਕਬਰ ‘ਤੇ ਅਨੇਕਾਂ ਚਿਰਾਂਗ ਬਾਲੇ ਜਾਂਦੇ ਹਨ, ਜਿੰਨ੍ਹਾਂ ਦੀ ਰੋਸ਼ਨੀ ਕਾਫ਼ੀ ਦੂਰੋ ਵਿਖਾਈ ਦਿੰਦੀ ਹੈ ਤੇ ਅਲੋਕਿਕ ਦ੍ਰਿਸ਼ ਪੇਸ਼ ਕਰਦੀ ਹੈ। ਇਸ ਮੇਲੇ ਦਾ ਆਪਣਾ ਜਲੌ ਹੈ।

ਗੁਰੂ ਸਾਹਿਬਾਂ ਦੀ ਸਮ੍ਰਿਤੀ ਵਿੱਚ ਮੇਲੇ: ਭਾਰਤੀ ਪੰਜਾਬ ਵਿੱਚ ਮੁਕਤਸਰ, ਤਰਨ ਤਾਰਨ, ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਆਦਿ ਥਾਂਵਾਂ ‘ਤੇ ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ ਮੇਲੇ ਲਗਦੇ ਹਨ, ਜਿਨ੍ਹਾਂ ਵਿੱਚੋ ਦੋ ਤਿੰਨ ਖ਼ਾਸ ਪ੍ਰਸਿੱਧ ਮੇਲਿਆਂ ਦਾ ਜ਼ਿਕਰ ਕਰਨਾ ਇੱਥੇ ਜ਼ਰੂਰੀ ਹੈ ।



ਮੁਕਤਸਰ ਦਾ ਮੇਲਾ: ਇਹ ਪ੍ਰਸਿੱਧ ਮੇਲਾ ਮਾਘੀ ਵਾਲੇ ਦਿਨ, ਮੁਕਤਸਰ ਵਿੱਚ ਲਗਦਾ ਹੈ। ਇਤਿਹਾਸ ਦਸਦਾ ਹੈ ਕਿ 1705 ਈ: ਵਿੱਚ ਮੁਗ਼ਲਾਂ ਦੀਆਂ ਫ਼ੋਜਾਂ, ਗੁਰੂ ਗੋਬਿੰਦ ਸਿੰਘ ਦਾ ਪਿੱਛਾ ਕਰਦੀਆਂ ਮਾਲਵੇ ਇਲਾਕੇ ਵਿੱਚ ਆਈਆਂ ਤਾਂ ਸਿੰਘ ਨੇ ਖਿਦਰਾਣੇ (ਅਜੋਕਾ ਮੁਕਤਸਰ) ਦੇ ਤਾਲ ਦੇ ਕੰਢੇ ਵੇਰੀਆਂ ਦਾ ਮੁਕਾਬਲਾ ਕੀਤਾ। ਇਸੇ ਯੁੱਧ ਵਿੱਚ ਚਾਲੀ ਸਿੰਘ ਜੋ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸੀ, ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਨੇ ਜਥੇਦਾਰ ਮਹਾਂ ਸਿੰਘ ਦੀ ਬੇਨਤੀ ਮੰਨ ਕੇ ਬੇਦਾਵਾ ਫਾੜ ਦਿੱਤਾ ਤੇ ਉਨ੍ਹਾਂ ਨਾਲ ਟੁੱਟੀ ਮੁੜ ਗੰਢੀ। ਗੁਰੂ ਜੀ ਨੇ ਇਨ੍ਹਾਂ ਸ਼ਹੀਦ ਸਿੰਘਾਂ ਨੂੰ ਮੁਕਤੇ ਕਹਿ ਕੇ ਸਨਮਾਨਿਆ ਅਤੇ ਇਸ ਥਾਂ ਦਾ ਨਾਂ ਮੁਕਤਸਰ ਰੱਖਿਆ।



ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ: ਹੋਲੀ ਤੋਂ ਅਗਲੇ ਦਿਨ ਚੇਤ ਵਦੀ ਪਹਿਲੀ ਨੂੰ ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਦੇ ਸਥਾਨ ‘ਤੇ ਇੱਕ ਮੇਲਾ ਭਰਦਾ ਹੈ, ਜਿਸ ਨੂੰ 'ਹੋਲਾ ਮਹੱਲਾ' ਕਹਿੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਸ਼ਾਸਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ ਉਨ੍ਹਾਂ ਵਿੱਚ ਮਸਨੂਈ ਲੜਾਈ ਕਰਵਾਉਦੇ ਅਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸ਼ਦੇ। ਉਦੋਂ ਤੋਂ ਹਰ ਸਾਲ ਅਨੰਦਪੁਰ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ।



ਤਰਨ ਤਾਰਨ ਦੀ ਮੱਸਿਆ: ਤਰਨ ਤਾਰਨ ਵਿੱਚ ਉਂਙ ਤਾਂ ਹਰ ਮੱਸਿਆ ਨੂੰ ਮੇਲਾ ਲਗਦਾ ਹੈ ਪਰ ਭਾਦੋ ਦੀ ਮੱਸਿਆ ਨੂੰ ਇੱਕ ਬੜਾ ਭਾਰੀ ਉਤਸਵ ਮਨਾਇਆ ਜਾਂਦਾ ਹੈ। ਲੋਕੀ ਦੂਰੋਂ ਦੂਰੋਂ ਹੁੰਮ-ਹੁੰਮਾ ਕੇ ਇਸ ਮੇਲੇ ਵਿੱਚ ਆਉਦੇ ਹਨ।



ਸ਼ਹੀਦੀ ਜੋੜ ਮੇਲਾ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਸਥਾਨਾਂ ਤੇ ਵੀ ਮੋਰਿੰਡਾ, ਚਮਕੋਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਵੱਡੇ ਜੋੜ-ਮੇਲੇ ਲਗਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904