ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਬਿਜਲੀ ਸੰਕਟ ਡੂੰਘਾ ਹੋਣ ਲੱਗਾ ਹੈ। ਹੁਣ ਤੋਂ ਪੇਂਡੂ ਖੇਤਰਾਂ ਵਿੱਚ 7 ਘੰਟੇ ਤੱਕ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਸ਼ਹਿਰਾਂ ਵਿੱਚ ਵੀ 2 ਤੋਂ 3 ਘੰਟੇ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਬੇਸ਼ੱਕ ਬਿਜਲੀ ਮਹਿਕਮੇ ਦਾ ਤਰਕ ਹੈ ਕਿ ਕਣਕ ਦੀ ਫਸਲ ਪੱਕੀ ਹੋਣ ਕਰਕੇ ਕੱਟ ਲਾਏ ਜਾ ਰਹੇ ਹਨ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ ਪਰ ਸ਼ਹਿਰਾਂ ਤੇ ਪਿੰਡਾਂ ਵਿੱਚ ਘਰੇਲੂ ਬਿਜਲੀ ਦੇ ਕੱਟ ਕਈ ਸਵਾਲ ਖੜ੍ਹੇ ਕਰਦੇ ਹਨ।
ਬਿਜਲੀ ਦਾ ਸੰਕਟ ਇਸ ਕਦਰ ਗਹਿਰਾਇਆ ਹੈ ਕਿ ਇਸ ਦੇ ਮੱਦੇਨਜ਼ਰ ਸੂਬੇ ਦੇ ਬਿਜਲੀ ਮੰਤਰੀ ਦਿੱਲੀ ਪੁੱਜੇ ਹਨ। ਉਹ ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਮਿਲੇ ਤੇ ਕੋਲਾ ਮੰਗਿਆ। ਜੇਕਰ ਜਲਦ ਹੀ ਕੋਲੇ ਦੀ ਸਪਲਾਈ ਨਾ ਹੋਈ ਤਾਂ ਪੰਜਾਬ ਵਿੱਚ ਪਿਛਲੇ ਸਾਲ ਵਾਂਗ ਬਲੈਕਆਊਟ ਵਰਗੀ ਸਥਿਤੀ ਬਣ ਸਕਦੀ ਹੈ। ਦੂਜੇ ਪਾਸੇ ਜੇਕਰ ਝੋਨੇ ਦੇ ਸੀਜ਼ਨ 'ਚ ਲੋੜੀਂਦੀ ਬਿਜਲੀ ਨਾ ਮਿਲੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।
ਪੰਜਾਬ ਵਿੱਚ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਪਿਛਲੀ ਵਾਰ ਨਾਲੋਂ 5 ਡਿਗਰੀ ਵੱਧ ਹੈ। ਇਸ ਕਾਰਨ ਏਸੀ-ਕੂਲਰ ਤੋਂ ਬਿਜਲੀ ਦੀ ਮੰਗ ਵਧ ਗਈ ਹੈ। ਅਪ੍ਰੈਲ ਵਿੱਚ ਹੀ ਪੰਜਾਬ ਵਿੱਚ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਹੈ। ਜਿਸ ਕਾਰਨ ਬਿਜਲੀ ਦੀ ਮੰਗ ਤੇ ਸਪਲਾਈ ਵਿੱਚ ਕਰੀਬ 450 ਮੈਗਾਵਾਟ ਦਾ ਅੰਤਰ ਹੋ ਗਿਆ ਹੈ। ਇਹ ਸਥਿਤੀ ਉਦੋਂ ਹੈ ਜਦੋਂ ਕਣਕ ਦੀ ਵਾਢੀ ਹੋਣੀ ਬਾਕੀ ਹੈ ਤੇ ਝੋਨੇ ਦਾ ਸੀਜ਼ਨ ਆਉਣਾ ਬਾਕੀ ਹੈ। ਉਸ ਸਮੇਂ ਤੱਕ ਬਿਜਲੀ ਦੀ ਮੰਗ 15,000 ਮੈਗਾਵਾਟ ਤੱਕ ਪਹੁੰਚਣ ਦੀ ਉਮੀਦ ਹੈ।
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦਿੱਲੀ ਵਿਖੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ 10 ਜੂਨ ਤੱਕ ਰੋਜ਼ਾਨਾ 20 ਰੈਕ ਕੋਲਾ ਦਿੱਤਾ ਜਾਵੇ। ਉਨ੍ਹਾਂ ਨੇ ਪੰਜਾਬ ਲਈ ਵਾਧੂ 50 ਲੱਖ ਮੀਟ੍ਰਿਕ ਟਨ ਕੋਲੇ ਦੀ ਮੰਗ ਵੀ ਕੀਤੀ ਤਾਂ ਜੋ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਕੋਲ ਕੋਲੇ ਦਾ ਕਾਫੀ ਭੰਡਾਰ ਹੋਵੇ। ਹਾਲਾਂਕਿ ਕੇਂਦਰ ਨੇ ਪਹਿਲਾਂ ਹੀ ਰਾਜਾਂ ਨੂੰ ਆਪਣੇ ਪੱਧਰ 'ਤੇ ਕੋਲੇ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਉਹ ਬਿਜਲੀ ਮੰਤਰੀ ਆਰਕੇ ਸਿੰਘ ਨੂੰ ਵੀ ਮਿਲੇ। ਜਿੱਥੇ ਉਨ੍ਹਾਂ ਨੇ ਜੂਨ ਤੋਂ ਅਕਤੂਬਰ ਤੱਕ ਪੰਜਾਬ ਲਈ ਨੈਸ਼ਨਲ ਗਰਿੱਡ ਤੋਂ ਰੋਜ਼ਾਨਾ 1500 ਮੈਗਾਵਾਟ ਬਿਜਲੀ ਮੰਗੀ।
ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸਰਕਾਰ ਪਿਛਲੇ ਸਾਲ ਬਿਜਲੀ ਸੰਕਟ ਨੂੰ ਨਹੀਂ ਸੰਭਾਲ ਸਕੀ ਸੀ। ਖੇਤੀ ਤੇ ਉਦਯੋਗਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣਾ ਤਾਂ ਦੂਰ, ਕੋਲੇ ਦੇ ਸੰਕਟ ਨੇ ਘਰਾਂ ਦੀਆਂ ਬੱਤੀਆਂ ਵੀ ਬੰਦ ਕਰ ਦਿੱਤੀਆਂ ਸਨ। ਹੁਣ ਪੰਜਾਬ ਵਿੱਚ ਸੀਐਮ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਅਜਿਹੇ 'ਚ ਉਨ੍ਹਾਂ ਨੂੰ ਹੁਣ ਬਿਜਲੀ ਸੰਕਟ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।