ਲੁਧਿਆਣਾ: ਪੰਜਾਬ 'ਤੇ ਬਿਜਲੀ ਸੰਕਟ ਗਹਿਰਾ ਗਿਆ ਹੈ। ਹੁਣ ਤੱਕ ਸੂਬੇ ਦੇ ਪੰਜ ਯੂਨਿਟ ਬੰਦ ਹੋ ਗਏ ਹਨ। ਇਹ ਹਾਲਾਤ ਕੋਲੇ ਦੀ ਘਾਟ ਕਾਰਨ ਪੈਦਾ ਹੋਏ ਹਨ। ਰਾਜ ਵਿੱਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ। ਉਂਝ ਇਹ ਸਮੱਸਿਆ ਦੇਸ਼ ਵਿਆਪੀ ਹੈ। ਦੇਸ਼ ਭਰ ਵਿੱਚ ਕੋਲੇ ਦਾ ਸੰਕਟ ਖੜ੍ਹਾ ਹੋ ਗਿਆ ਹੈ।ਪਰ ਇਸ ਦੌਰਾਨ ਇਹ ਸੰਕਟ ਹੌਜ਼ਰੀ ਇੰਡਸਟਰੀ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।


ਸਟੀਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਜਿੱਥੇ ਸਾਈਕਲ ਉਦਯੋਗ ਮੁਸੀਬਤ ਦੇ ਦੌਰ ਵਿੱਚੋਂ ਲੰਘ ਰਿਹਾ ਹੈ, ਉੱਥੇ ਹੀ ਹੁਣ ਲੁਧਿਆਣਾ ਹੌਜ਼ਰੀ ਉਦਯੋਗ ਵੀ ਬੰਦ ਹੋਣ ਦੀ ਕਗਾਰ ਤੇ ਹੈ।ਹੌਜ਼ਰੀ ਵਪਾਰੀਆਂ ਦਾ ਕਹਿਣਾ ਹੈ ਕਿ ਕੱਚੇ ਮਾਲ ਦੀ ਲਾਗਤ ਵੱਧਣ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਿਹਾ ਕਿ ਜੇ ਇਹ ਸਥਿਤੀ ਬਣੀ ਰਹੀ ਤਾਂ ਉਹ ਆਪਣਾ ਉਦਯੋਗ ਬੰਦ ਕਰ ਦੇਣਗੇ।


ਹਾਸਲ ਜਾਣਕਾਰੀ ਮੁਤਾਬਕ ਕੋਲੇ ਦੀ ਘਾਟ ਕਾਰਨ ਪੰਜਾਬ ਵਿਚਲੇ ਥਰਮਲਾਂ ਦੇ ਕੁੱਲ ਪੰਜ ਯੂਨਿਟ ਬੰਦ ਹੋ ਚੁੱਕੇ ਹਨ। ਜੇ ਹਾਲਾਤ ਨਾ ਸੁਧਰੇ ਤਾਂ ਆਉਂਦੇ ਦਿਨਾਂ ਵਿੱਚ ਹੋਰ ਯੂਨਿਟ ਬੰਦ ਹੋ ਜਾਣਗੇ। ਇਸ ਕਰਕੇ ਸੂਬੇ ਵਿੱਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ। ਇਸ ਦਾ ਸਿੱਧਾ ਅਸਰ ਉਦਯੋਗਾਂ ਤੇ ਹੋਰ ਕਾਰੋਬਾਰ ਉੱਪਰ ਪੈ ਰਿਹਾ ਹੈ। ਖੇਤੀ ਖੇਤਰ ਵੀ ਬਿਜਲੀ ਕੱਟਾਂ ਕਰਕੇ ਪ੍ਰਭਾਵਿਤ ਹੋ ਰਿਹਾ ਹੈ।


ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਹੌਜ਼ਰੀ ਉਦਯੋਗ ਦੇ ਮੁਖੀ ਅਸ਼ੋਕ ਮੱਕੜ ਨੇ ਕਿਹਾ ਕਿ ਕੋਲੇ ਅਤੇ ਕੱਚੇ ਮਾਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਕਾਰਨ ਲਏ ਗਏ ਆਡਰ ਵੀ ਰੱਦ ਕੀਤੇ ਜਾ ਰਹੇ ਹਨ।


ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੋਲੇ ਦੀ ਕੀਮਤ ₹14 ਰੁਪਏ ਸੀ ਅਤੇ ਹੁਣ ਇਹ ₹ 24 ਰੁਪਏ ਨੂੰ ਪਾਰ ਕਰ ਗਈ ਹੈ, ਜਿਸ ਨਾਲ ਨਾ ਸਿਰਫ ਹੌਜ਼ਰੀ ਉਦਯੋਗ ਬਲਕਿ ਥਰਮਲ ਪਲਾਂਟਾਂ 'ਤੇ ਵੀ ਅਸਰ ਪਵੇਗਾ, ਜਿਸ ਕਾਰਨ ਉਦਯੋਗ 'ਤੇ ਬਿਜਲੀ ਬਲੈਕ ਆਊਟ ਹੋਣ ਦਾ ਖਤਰਾ ਵੀ ਮੰਡਰਾ ਰਿਹਾ ਹੈ।


ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਵਧਦੀਆਂ ਕੀਮਤਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਉਦਯੋਗਪਤੀ ਆਪਣੇ ਕਾਰੋਬਾਰ ਜਾਰੀ ਰੱਖ ਸੱਕਣ।