ਚੰਡੀਗੜ੍ਹ: ਅੱਤ ਦੀ ਗਰਮੀ ਦੇ ਵਿਚਾਲੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ 56.9 ਫੁੱਟ ਹੇਠਾਂ ਆ ਗਿਆ ਹੈ। ਇਸ ਦਾ ਪੱਧਰ 2020 ਵਿਚ 1581.50 ਫੁੱਟ ਸੀ, ਜੋ ਇਸ ਸਾਲ 1524.60 ਫੁੱਟ 'ਤੇ ਪਹੁੰਚ ਗਿਆ ਹੈ। ਪਾਣੀ ਦਾ ਪੱਧਰ ਡਿੱਗਣ ਕਾਰਨ ਬਿਜਲੀ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ। ਇਹ ਡੈਮ ਪੰਜਾਬ ਨੂੰ 194 ਲੱਖ ਯੂਨਿਟ ਬਿਜਲੀ ਸਪਲਾਈ ਕਰਦਾ ਹੈ।
ਪੰਜਾਬ ਵਿੱਚ ਝੋਨੇ ਦੀ ਲੁਆਈ ਅਤੇ ਅੱਤ ਦੀ ਗਰਮੀ ਦੇ ਦੌਰਾਨ ਬਿਜਲੀ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ। ਰਾਜ ਵਿਚ ਬਿਜਲੀ ਦੀ ਮੰਗ 13821 ਮੈਗਾਵਾਟ ਤੋਂ ਵੀ ਵੱਧ ਪਹੁੰਚ ਗਈ ਹੈ, ਜਦੋਂ ਕਿ ਇਸ ਸਮੇਂ ਪੰਜਾਬ ਵਿਚ ਸਿਰਫ 12800 ਮੈਗਾਵਾਟ ਬਿਜਲੀ ਹੈ। ਇੱਥੇ ਹਰ ਰੋਜ਼ 1000 ਮੈਗਾਵਾਟ ਦੀ ਘਾਟ ਹੈ। ਇਸ ਦੇ ਲਈ, ਪੰਜਾਬ ਰਾਜ ਬਿਜਲੀ ਨਿਗਮ ਲਿਮਟਡ (ਪੀਐਸਪੀਸੀਐਲ) ਹਰ ਰੋਜ਼ ਕਟੌਤੀ ਕਰ ਰਿਹਾ ਹੈ।
ਬਿਜਲੀ ਸੰਕਟ 'ਤੇ ਕਾਬੂ ਪਾਉਣ ਲਈ, ਪੀਐਸਪੀਸੀਐਲ ਦੇ ਸੀਐਮਡੀ ਏ. ਵੇਨੂ ਪ੍ਰਸਾਦ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੂੰ ਇੱਕ ਪੱਤਰ ਲਿਖ ਕੇ ਬਿਜਲੀ ਉਤਪਾਦਨ ਵਧਾਉਣ ਦੀ ਬੇਨਤੀ ਕੀਤੀ ਸੀ ਪਰ ਪਿਛਲੇ ਸਾਲ ਦੇ ਮੁਕਾਬਲੇ ਡੈਮ ਦਾ ਪਾਣੀ ਹੇਠਲੇ ਪੱਧਰ ਤੇ ਹੋਣ ਕਾਰਨ ਬਿਜਲੀ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਬਿਜਲੀ 12 ਕਰੋੜ ਵਿੱਚ ਖਰੀਦੀ ਜਾ ਰਹੀ
ਬਿਜਲੀ ਸੰਕਟ 'ਤੇ ਕਾਬੂ ਪਾਉਣ ਲਈ, ਪੀਐਸਪੀਸੀਐਲ 12 ਕਰੋੜ ਰੁਪਏ ਵਿੱਚ ਹਰ ਰੋਜ਼ ਪੰਜਾਬ ਵਿੱਚ 1000 ਮੈਗਾਵਾਟ ਬਿਜਲੀ ਖਰੀਦ ਰਹੀ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ 300 ਕਰੋੜ ਰੁਪਏ ਪੀਐਸਪੀਸੀਐਲ ਨੂੰ ਜਾਰੀ ਕੀਤੇ ਹਨ। ਪੀਐਸਪੀਸੀਐਲ ਝੋਨੇ ਦੀ ਲੁਆਈ ਦੇ ਸੀਜ਼ਨ ਦੌਰਾਨ ਲਗਭਗ 10 ਘੰਟੇ ਕਿਸਾਨਾਂ ਨੂੰ ਬਿਜਲੀ ਮੁਹੱਈਆ ਕਰਵਾ ਰਿਹਾ ਹੈ। ਭਾਖੜਾ ਪ੍ਰੋਜੈਕਟ ਕੁੱਲ 1379 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ