ਚੰਡੀਗੜ੍ਹ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਸੂਬੇ ਦੀ ਸਰਪਲੱਸ ਬਿਜਲੀ ਵੇਚਣ ਦੇ ਮਾਮਲੇ ਵਿੱਚ ਨਵਾਂ ਰਿਕਾਰਡ ਸਿਰਜ ਦਿੱਤਾ ਹੈ। ਅਜਿਹਾ ਕਰਨ ਵਿੱਚ ਪੰਜਾਬ ਦੇਸ਼ ਭਰ ’ਚੋਂ ਮੋਹਰੀ ਰਿਹਾ ਹੈ। ਪਾਵਰਕੌਮ ਨੇ ਪਿਛਲੇ ਸਤੰਬਰ ਮਹੀਨੇ ’ਚ 426.38 ਕਰੋੜ ਰੁਪਏ ਦੀ ਬਿਜਲੀ ਬਾਹਰੀ ਰਾਜਾਂ ਨੂੰ ਵੇਚੀ ਹੈ।


ਪੀਐਸਪੀਸੀਐਲ ਦੇ ਨਿਰਦੇਸ਼ਕ ਬਲਦੇਵ ਸਿੰਘ ਸਰਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਤੋਂ ਬਾਅਦ 5.73 ਰੁਪਏ ਫ਼ੀ ਯੂਨਿਟ ਦੇ ਹਿਸਾਬ ਨਾਲ ਵਾਧੂ ਬਿਜਲੀ ਵੇਚ ਕੇ ਇਹ ਰਿਕਾਰਡ ਕਾਇਮ ਕੀਤਾ ਹੈ।

ਸਰਾਂ ਨੇ ਦੱਸਿਆ ਕਿ 4.19 ਰੁਪਏ ਪ੍ਰਤੀ ਯੂਨਿਟ ਦੇ ਭਾਅ ਨਾਲ ਪਿਛਲੇ ਸਾਲ ਸਤੰਬਰ ਮਹੀਨੇ ਦੌਰਾਨ 70.44 ਕਰੋੜ ਰੁਪਏ ਦੀ 168.3 ਮਿਲੀਅਨ ਯੂਨਿਟ ਬਿਜਲੀ ਵੇਚੀ ਗਈ ਸੀ ਪਰ ਇਸ ਵਾਰ ਅਪ੍ਰੈਲ ਤੋਂ ਸਤੰਬਰ ਤਕ ਔਸਤਨ 5.31 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 1073 ਮਿਲੀਅਨ ਯੂਨਿਟ ਬਿਜਲੀ ਵੇਚੀ ਗਈ ਹੈ, ਜਿਸ ਨਾਲ ਕੁੱਲ 569.24 ਕਰੋੜ ਰੁਪਏ ਮਿਲੇ ਹਨ।

ਉਨ੍ਹਾਂ ਦੱਸਿਆ ਕਿ ਭਾਵੇਂ ਬਠਿੰਡਾ ਥਰਮਲ ਪੂਰੇ ਤੌਰ ’ਤੇ ਬੰਦ ਰਿਹਾ ਤੇ ਰੋਪੜ ਥਰਮਲ ਦੀਆਂ ਦੋ ਇਕਾਈਆਂ ਬੰਦ ਰਹਿਣ ਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਵੀ 400 ਮੈਗਾਵਾਟ ਬਿਜਲੀ ਦੀ ਘੱਟ ਪੈਦਾਵਾਰ ਦੇ ਬਾਵਜੂਦ ਬਿਜਲੀ ਦੀ ਵੰਡ ਸਪਲਾਈ ਦਾ ਸੰਤੁਲਨ ਕਾਇਮ ਰਿਹਾ। ਪਾਵਰਕੌਮ ਦੇ ਅਜਿਹੇ ਪ੍ਰਦਰਸ਼ਨ 'ਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਬਾਗ਼ੋ-ਬਾਗ਼ ਹਨ।