ਕਾਂਗਰਸ ਦਾ ਅਹੁਦਾ ਸੰਭਾਲਦਿਆਂ ਹੀ ਰਾਜਾ ਵੜਿੰਗ ਦਾ ਐਲਾਨ, 'ਆਖਰੀ ਦਮ ਤੱਕ ਪਾਰਟੀ ਲਈ ਲੜਾਂਗੇ'

 
 ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਚਾਰਜ ਸੰਭਾਲ ਲਿਆ ਹੈ। ਨਵਜੋਤ ਸਿੱਧੂ ਵੀ ਸਮਰਥਕਾਂ ਨਾਲ ਇੱਥੇ ਪੁੱਜੇ ਪਰ ਸਟੇਜ 'ਤੇ ਨਹੀਂ ਆਏ। ਹਾਲਾਂਕਿ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਇਲਾਵਾ ਪ੍ਰਤਾਪ ਬਾਜਵਾ ਸਮੇਤ ਸਾਰੇ ਸੀਨੀਅਰ ਆਗੂ ਹਾਜ਼ਰ ਸਨ।

ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕਾਂਗਰਸ ਹਾਈਕਮਾਂਡ ਤੇ ਸਾਰਿਆਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਉਨ੍ਹਾਂ ਕਿਹਾ ਕਿ ਸੀਨੀਅਰ ਸਾਥੀਆਂ ਤੋਂ ਬਹੁਤ ਕੁਝ ਸਿੱਖਣਾ ਹੈ। ਕਾਂਗਰਸ ਪਾਰਟੀ ਇੱਕ ਸੋਚ ਹੈ, ਇੱਕ ਵਿਚਾਰ ਹੈ ਜੋ ਕਦੇ ਖਤਮ ਨਹੀਂ ਹੋ ਸਕਦੇ। ਇਨ੍ਹਾਂ ਚੁਣੌਤੀਆਂ ਨੂੰ ਪਾਰ ਕਰਨ ਲਈ ਸਾਨੂੰ ਅਨੁਸ਼ਾਸਨ ਤੇ ਲਗਨ ਵੱਲ ਧਿਆਨ ਦੇਣਾ ਹੋਵੇਗਾ।

ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਕਿਸੇ ਪਾਰਟੀ ਜਾਂ ਕਾਰੋਬਾਰ ਵਿੱਚ ਅਨੁਸ਼ਾਸਨ ਨਾ ਹੋਵੇ ਤਾਂ ਉਹ ਅੱਗੇ ਨਹੀਂ ਵਧ ਸਕਦੀ। ਰਾਜਾ ਵੜਿੰਗ ਨੇ ਕਿਹਾ ਕਿ ਕਾਮਯਾਬੀ ਲਈ ਕੰਮ ਨੂੰ ਲਗਨ ਨਾਲ ਸੰਭਾਲਣਾ ਬਹੁਤ ਜ਼ਰੂਰੀ ਹੈ। ਪ੍ਰਧਾਨ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਮਨਮਰਜ਼ੀ ਨਾਲ ਕੰਮ ਕਰੇ। ਸਾਥੀਆਂ ਨਾਲ ਗੱਲਬਾਤ ਤੇ ਟੀਮ ਵਰਕ ਬਹੁਤ ਮਹੱਤਵਪੂਰਨ ਹੈ। ਵੜਿੰਗ ਨੇ ਕਿਹਾ ਕਿ ਅਸੀਂ ਆਖਰੀ ਦਮ ਤੱਕ ਪਾਰਟੀ ਲਈ ਲੜਾਂਗੇ। ਇਸ ਵਿੱਚ ਲੱਖਾਂ ਲੋਕਾਂ ਦਾ ਖੂਨ-ਪਸੀਨਾ ਲੱਗਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਭ ਨੂੰ ਧਿਆਨ ਰੱਖਣਾ ਪਵੇਗਾ। ਰਾਜਾ ਵੜਿੰਗ ਸਭ ਨਾਲ ਗੱਲ ਕਰੇਗਾ, ਇਹ ਟੀਮ ਵਰਕ ਹੈ। ਕਾਂਗਰਸ ਨੂੰ ਅੱਗੇ ਲਿਜਾਣਾ ਪਵੇਗਾ ਤੇ ਸਾਰਿਆਂ ਨੂੰ ਨਾਲ ਤੁਰਨਾ ਪੈਂਦਾ ਹੈ। ਵੜਿੰਗ ਨੇ ਕਿਹਾ ਕਿ ਸਾਰਾਗੜ੍ਹੀ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ। ਅਫਗਾਨਾਂ ਨੇ ਕਿਵੇਂ ਕਿਲ੍ਹੇ ਦੇ ਨੇੜੇ ਟਾਵਰ ਬਣਾਏ ਜਿਸ ਨਾਲ ਉਹ ਸਿੱਖ ਰੈਜੀਮੈਂਟ ਤੇ ਅੰਗਰੇਜ਼ਾਂ ਨਾਲ ਗੱਲਬਾਤ ਕਰਦੇ ਸਨ।