ਦਸੂਹਾ : ਹੁਸ਼ਿਆਰਪੁਰ ਦੇ ਦਸੂਹਾ ਵਿਧਾਨ ਸਭਾ ਵਿੱਚ ਪੈਂਦੇ ਪਿੰਡ ਬਿਸੋਚੱਕ ਦੇ ਇੱਕ ਸਰਕਾਰੀ ਹਾਈ ਸਕੂਲ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਜਿਸ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਪਸ਼ੂਆਂ ਵਾਂਗ ਭਾਰ ਢਾਹੁਣ ਵਾਲੀ ਗੱਡੀ ਵਿੱਚ ਬੱਚਿਆਂ ਨੂੰ ਲੱਦ ਕੇ ਦੂਜੇ ਸਕੂਲ ਵਿੱਚ ਅੱਠਵੀਂ ਦੀ ਪ੍ਰੀਖਿਆ ਦਿਵਾਉਣ ਲਈ ਲਿਜਾਇਆ ਜਾ ਰਿਹਾ ਹੈ।


 

ਇਸ ਵਜ੍ਹਾ ਕਰਕੇ ਬੱਚਿਆਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਬੱਚੇ ਪ੍ਰਾਈਵੇਟ ਟੈਂਪੂ ਵਿੱਚ ਪ੍ਰੀਖਿਆ ਦੇ ਕੇ ਵਾਪਸ ਸਕੂਲ ਜਾ ਰਹੇ ਸਨ ਤਾਂ ਨਾ ਤਾਂ ਅਧਿਆਪਕ ਅਤੇ ਨਾ ਹੀ ਕੋਈ ਜ਼ਿੰਮੇਵਾਰ ਵਿਅਕਤੀ ਬੱਚਿਆਂ ਦੇ ਨਾਲ ਸੀ। 

 

ਸ਼ਰਮਨਾਕ ਗੱਲ ਇਹ ਹੈ ਕਿ ਸਕੂਲ ਅਧਿਆਪਕ ਖੁਦ ਤਾਂ ਏਸੀ ਕਾਰਾਂ ਵਿੱਚ ਆਉਂਦੇ ਹਨ ਪਰ ਬੱਚਿਆਂ ਨੂੰ ਕੜਕਦੀ ਗਰਮੀ ਵਿੱਚ ਵੀ ਪਸ਼ੂਆਂ ਵਾਂਗ ਲੱਦ ਕੇ ਸਕੂਲ ਲਿਜਾਇਆ ਜਾ ਰਿਹਾ ਸੀ। ਜਦੋਂ ਉਕਤ ਟੈਂਪੂ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪਹਿਲਾਂ ਤਾਂ ਟੈਂਪੂ ਭਜਾ ਲਿਆ ਅਤੇ ਬੱਚਿਆਂ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬੱਚਿਆਂ ਨੂੰ ਸਕੂਲ ਤੋਂ ਕੁਝ ਦੂਰੀ 'ਤੇ ਛੱਡ ਕੇ ਫਰਾਰ ਹੋ ਗਿਆ।


ਇਸ ਸਬੰਧੀ ਜਦੋਂ ਸਰਕਾਰੀ ਹਾਈ ਸਕੂਲ ਬਿਸੋਚੱਕ ਦੀ ਮੁੱਖ ਅਧਿਆਪਕਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਪੱਤਰਕਾਰਾਂ ਨੂੰ ਤਾੜਨਾ ਕਰਦਿਆਂ ਆਪਣੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ ਅਤੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਸਰਕਾਰ ਜਿੱਥੇ ਸਰਕਾਰੀ ਸਕੂਲਾਂ ਨੂੰ ਦਿੱਲੀ ਮਾਡਲ ਦੀ ਤਰਜ਼ 'ਤੇ ਅਪਗ੍ਰੇਡ ਕਰਨ ਦੀ ਗੱਲ ਕਰਦੀ ਹੈ, ਓਥੇ ਹੀ ਸਕੂਲ ਦੀ ਇਸ ਲਾਪਰਵਾਹੀ 'ਤੇ ਕੋਈ ਸਖ਼ਤ ਕਾਰਵਾਈ ਕਰਦੀ ਹੈ ਜਾਂ ਨਹੀਂ , ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


ਇਸ ਦੇ ਨਾਲ ਹੀ ਜਦੋਂ ਇਸ ਮਾਮਲੇ ਸਬੰਧੀ ਹੁਸ਼ਿਆਰਪੁਰ ਦੇ ਡੀਈਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੀ ਸਕੂਲ ਦੀ ਇਸ ਲਾਪ੍ਰਵਾਹੀ 'ਤੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਕੂਲ ਨੂੰ ਚੇਤਾਵਨੀ ਦੇਣਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।