ਅੰਮ੍ਰਿਤਸਰ: ਸੱਖਚੰਡ ਸ੍ਰੀ ਦਰਬਾਰ ਸਾਹਿਬ ਦੇ ਲੰਗਰ 'ਤੇ ਲੱਗੇ ਜੀਐਸਟੀ ਨੂੰ ਖਤਮ ਕਰਵਾਉਣ ਲਈ ਪਿਛਲੇ ਤਿੰਨ ਦਿਨਾਂ ਤੋਂ ਟੀਐਮਸੀ ਪਾਰਟੀ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਤੀਜੇ ਦਿਨ ਵੀਰਵਾਰ ਨੂੰ ਇਸ ਭੁੱਖ ਹੜਤਾਲ ਵਿੱਚ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਸਿੰਘ ਔਜਲਾ ਵੀ ਪੁੱਜੇ।
ਇਸ ਤੋਂ ਕੁਝ ਦੇਰ ਬਾਅਦ ਪੁਲਿਸ ਨੇ ਧੱਕੇ ਰਾਹੀਂ ਭੁੱਖ ਹੜਤਾਲ 'ਤੇ ਬੈਠੇ ਲੋਕਾਂ ਨੂੰ ਉੱਥੋਂ ਦੌੜਾ ਦਿੱਤਾ। ਪੁਲਿਸ ਕਰਮਚਾਰੀਆਂ ਨੇ ਭੁੱਖ ਹੜਤਾਲ 'ਤੇ ਬੈਠੀਆਂ ਔਰਤਾਂ ਨਾਲ ਵੀ ਬਦਸਲੂਕੀ ਕੀਤੀ। ਇਹ ਸਾਰੀ ਵਾਰਦਾਤ ਮੀਡੀਆ ਦੇ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਧਰਨਾ ਲਾਉਣਾ ਗੈਰ ਕਾਨੂੰਨੀ ਹੈ ਪਰ ਪਹਿਲੇ ਦੋ ਦਿਨ ਪੁਲਿਸ ਨੇ ਇਸ 'ਤੇ ਐਕਸ਼ਨ ਕਿਉਂ ਨਹੀਂ ਲਿਆ ਇਹ ਵੀ ਸੋਚਣ ਵਾਲੀ ਗੱਲ ਹੈ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਲੰਗਰ ਤੋਂ ਜੀਐਸਟੀ ਖਤਮ ਕਰੇ ਪਰ ਉਨ੍ਹਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਕਿ ਪੰਜਾਬ ਸਰਕਾਰੀ ਆਪਣਾ ਹਿੱਸਾ ਕਿਉਂ ਨਹੀਂ ਛੱਡ ਦਿੰਦੀ। ਕਾਂਗਰਸ ਪਾਰਟੀ ਦੇ ਐਮਪੀ ਔਜਲਾ ਜਦੋਂ ਤੱਕ ਭੁੱਖ ਹੜਤਾਲ 'ਤੇ ਬੈਠੇ ਰਹੇ ਉਦੋਂ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। ਜਿਵੇਂ ਹੀ ਉਹ ਗਏ ਪੁਲਿਸ ਨੇ ਲੋਕਾਂ ਨੂੰ ਚੁੱਕ ਲਿਆ।
ਇਸ ਬਾਰੇ ਏਸੀਪੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਇੱਥੇ ਧਰਨਾ ਲਾਉਣਾ ਗੈਰ ਕਾਨੂੰਨੀ ਹੈ। ਇਸ ਲਈ ਐਕਸ਼ਨ ਲਿਆ ਗਿਆ ਹੈ। ਸ਼ਹਿਰ ਵਿੱਚ ਕੁਝ ਥਾਵਾਂ ਮਿਥੀਆਂ ਹਨ, ਉੱਥੇ ਧਰਨਾ ਲਾਇਆ ਜਾਣਾ ਚਾਹੀਦਾ ਹੈ।