Punjab News: ਜਦੋਂ ਤੋਂ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਹੋਇਆ ਹੈ ਉਸ ਦਿਨ ਤੋਂ ਹੀ ਕਿਸਾਨਾਂ ਵੱਲੋਂ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਵੀ ਪਿੰਡ ਜਾਂ ਫਿਰ ਸ਼ਹਿਰ ਦੇ ਵਿੱਚ ਭਾਜਪਾ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾਂਦਾ ਹੈ ਕਿਸਾਨ ਉੱਥੇ ਪਹੁੰਚ ਕਾਲੇ ਝੰਡੇ ਦਿਖਾ ਕੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਹਨ। ਹੁਣ ਬਰਨਾਲਾ ਵਿੱਚ ਕਿਸਾਨਾਂ ਵੱਲੋਂ ਬੀਜੇਪੀ ਉਮੀਦਵਾਰ ਅਰਵਿੰਦ ਖੰਨਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। 



ਸੰਗਰੂਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਇਤਿਹਾਸਕ ਪਿੰਡ ਠੀਕਰੀਵਾਲਾ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਹੋਏ ਸਨ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਿਸ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ।


ਭਾਜਪਾ ਸਰਕਾਰ ਨੇ ਸਾਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ-ਕਿਸਾਨ


ਕਿਸਾਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸਾਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ। ਕਿਸਾਨਾਂ ਨੇ ਭਾਜਪਾ ਦੇ ਖਿਲਾਫ ਖੇਤੀ ਕਾਨੂੰਨਾਂ ਦੀ ਲੜਾਈ ਲੜੀ ਅਤੇ ਇਸ ਸੰਘਰਸ਼ ਵਿੱਚ ਸਾਡੇ 750 ਕਿਸਾਨ ਸ਼ਹੀਦ ਹੋਏ, ਜਿਸ ਲਈ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਉਮੀਦਵਾਰ 'ਤੇ ਸਵਾਲ ਉਠਾਉਣੇ ਸਨ।


ਸਾਡੇ ਸਵਾਲਾਂ ਦੇ ਜਵਾਬ ਦੇਣ ਭਾਜਪਾ ਆਗੂ


ਉਨ੍ਹਾਂ ਨੇ ਅੱਗੇ ਕਿਹਾ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਉਹ ਸਾਡੇ ਸਵਾਲਾਂ ਦੇ ਜਵਾਬ ਦੇਣਗੇ ਪਰ ਭਾਜਪਾ ਆਗੂ ਖੰਨਾ ਸਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਗਏ। ਉਨ੍ਹਾਂ ਕਿਹਾ ਕਿ ਦਿੱਲੀ ਸੰਘਰਸ਼ ਦੌਰਾਨ ਭਾਜਪਾ ਸਰਕਾਰ ਨੇ ਸਾਨੂੰ ਦਿੱਲੀ ਵਿਚ ਵੜਨ ਨਹੀਂ ਦਿੱਤਾ। ਜੇਕਰ ਦਿੱਲੀ ਭਾਜਪਾ ਦੀ ਹੈ ਤਾਂ ਪਿੰਡ ਸਾਡਾ ਆਪਣਾ ਹੈ। ਇਸ ਕਾਰਨ ਅਸੀਂ ਭਾਜਪਾ ਦੇ ਮੈਂਬਰਾਂ ਨੂੰ ਪਿੰਡ 'ਚ ਦਾਖਲ ਨਹੀਂ ਹੋਣ ਦੇਵਾਂਗੇ।


ਉਨ੍ਹਾਂ ਕਿਹਾ ਕਿ ਅੱਜ ਅਸੀਂ ਭਾਜਪਾ ਆਗੂ ਖੰਨਾ ਨੂੰ ਪਿੰਡ 'ਚ ਦਾਖਲ ਹੋਣ ਤੋਂ ਰੋਕਿਆ ਅਤੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ 'ਤੇ ਫੁੱਲਮਾਲਾਵਾਂ ਚੜ੍ਹਾਈਆਂ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਭਾਜਪਾ ਆਗੂਆਂ ਦੇ ਚੋਣ ਪ੍ਰਚਾਰ ’ਤੇ ਜ਼ਬਰਦਸਤੀ ਰੋਕ ਲਗਾ ਰਿਹਾ ਹੈ। ਇਨ੍ਹਾਂ ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।


ਹੰਸਰਾਜ ਹੰਸ ਕਿਸਾਨਾਂ ਨੂੰ ਸਿੱਧੀਆਂ ਧਮਕੀਆਂ ਦੇ ਰਹੇ


ਉਨ੍ਹਾਂ ਕਿਹਾ ਕਿ ਪੁਲਿਸ ਦੀਆਂ 30 ਗੱਡੀਆਂ ਸਾਡੇ ਥਾਣੇ ਵਿੱਚ ਆ ਗਈਆਂ ਹਨ ਅਤੇ ਸੜਕਾਂ ’ਤੇ ਨਾਕਾਬੰਦੀ ਕੀਤੀ ਹੋਈ ਹੈ। ਪਰ ਜੇਕਰ ਪੁਲਿਸ ਪ੍ਰਸ਼ਾਸਨ ਨਸ਼ੇੜੀਆਂ 'ਤੇ ਇੰਨਾ ਹੀ ਦਬਾਅ ਪਾਵੇ ਤਾਂ ਨਸ਼ਾ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਹੀ ਪਿੰਡ ਤੋਂ ਜ਼ਬਰਦਸਤੀ ਚੁੱਕ ਕੇ ਪੁਲਿਸ ਦੀਆਂ ਬੱਸਾਂ ਵਿੱਚ ਬਿਠਾਇਆ ਗਿਆ, ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਅਜੇ ਵੀ ਕਿਸਾਨਾਂ ਨੂੰ ਸਿੱਧੀਆਂ ਧਮਕੀਆਂ ਦੇ ਰਹੇ ਹਨ ਕਿ 1 ਤੋਂ ਬਾਅਦ ਉਹ ਧਰਨਾਕਾਰੀ ਕਿਸਾਨਾਂ ਦਾ ਨੁਕਸਾਨ ਕਰਨਗੇ, ਪਰ ਅਸੀਂ ਉਨ੍ਹਾਂ ਦੀ ਧਮਕੀ ਤੋਂ ਡਰਨ ਵਾਲੇ ਨਹੀਂ।