ਬਠਿੰਡਾ: ਬੀਤੀ 18 ਮਈ ਨੂੰ ਪੁਲਿਸ ਹਿਰਾਸਤ ਦੌਰਾਨ ਮਾਰੇ ਗਏ ਫ਼ਰੀਦਕੋਟ ਦੇ ਨੌਜਵਾਨ ਜਸਪਾਲ ਸਿੰਘ ਦੇ ਇਨਸਾਫ਼ ਲਈ ਵੱਡੇ ਪੱਧਰ 'ਤੇ ਰੋਸ ਮਾਰਚ ਕੱਢਿਆ। ਵੱਖ-ਵੱਖ ਜਥੇਬੰਦੀਆਂ ਨੇ ਜਸਪਾਲ ਦੇ ਮਾਪਿਆਂ ਨਾਲ ਰਲ ਕੇ ਸਰਕਾਰ ਖ਼ਿਲਾਫ਼ ਖ਼ੂਬ ਭੜਾਸ ਕੱਢੀ। ਪ੍ਰਦਰਸ਼ਨਕਾਰੀ ਇਸ ਕਰਕੇ ਵੀ ਰੋਹ ਵਿੱਚ ਸਨ ਕਿਉਂਕਿ ਜਸਪਾਲ ਦੀ ਮੌਤ ਨੂੰ ਅੱਠ ਦਿਨ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਜਸਪਾਲ ਦੀ ਲਾਸ਼ ਨਹੀਂ ਮਿਲ ਸਕੀ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਫ਼ਰੀਦੋਕਟ ਦੇ ਐਸਐਸਪੀ ਬਚਨ ਰਾਜ ਨੂੰ ਤੁਰੰਤ ਹਟਾਇਆ ਜਾਵੇ।




ਮਾਰਚ ਵਿੱਚ ਪਹੁੰਚੇ ਲੋਕਾਂ ਨੇ ਬੱਸ ਸਟੈਂਡ ਨੇੜੇ ਸਰਕਾਰ ਦਾ ਪੁਤਲਾ ਫੂਕਿਆ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਲੀਡਰ ਨੇ ਦੱਸਿਆ ਕਿ ਇੱਥੇ ਪੰਜਾਬ ਦੀਆਂ 19 ਜਥੇਬੰਦੀਆਂ ਇੱਕਜੁਟ ਹੋਈਆਂ ਹਨ ਤੇ ਉਹ ਪੀੜਤ ਪਰਿਵਾਰ ਨੂੰ ਇਨਸਾਫ ਦਿਵਾ ਕੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਆਉਂਦੀ 29 ਤਾਰੀਖ ਨੂੰ ਜਸਪਾਲ ਦੀ ਮੌਤ ਦਾ ਨਿਆਂ ਲੈਣ ਲਈ ਹੋਰ ਵੀ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਨਗੇ।



ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨੇ ਸੀਆਈਏ ਸਟਾਫ ਦੇ ਦੋ ਮੁਲਾਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਵੀ ਕੀਤੀ ਹੈ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਹੈ। ਉੱਧਰ, ਪੁਲਿਸ ਨੇ ਵੀ ਦਾਅਵਾ ਕੀਤਾ ਹੈ ਕਿ ਸੀਆਈਏ ਸਟਾਫ ਦੇ ਕੈਮਰੇ ਵਿੱਚੋਂ ਇੱਕ ਵੀਡੀਓ ਮਿਲੀ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਸਪਾਲ ਸਿੰਘ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਇਸ ਵੀਡੀਓ ਨੂੰ ਪੁਲਿਸ ਨੇ ਜਨਤਕ ਨਹੀਂ ਕੀਤਾ ਹੈ। ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਦੀ ਖ਼ੁਦਕੁਸ਼ੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ।