ਚੰਡੀਗੜ੍ਹ: ਅਧਿਆਪਕਾਂ ਦੀਆਂ ਤਨਖਾਹਾਂ ਘਟਾਉਣ ਦੇ ਮੁੱਦੇ 'ਤੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਇਹ ਮਸਲਾ ਭਾਵੇਂ ਨੌਂ ਹਜ਼ਾਰ ਅਧਿਆਪਕਾਂ ਦਾ ਹੈ ਪਰ ਸ਼ਨੀਵਾਰ ਨੂੰ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਨਾਲ-ਨਾਲ ਕਈ ਸਿਆਸੀ ਪਾਰਟੀਆਂ ਵੀ ਸਰਕਾਰ ਖਿਲਾਫ ਡਟ ਗਈਆਂ। ਇਸ ਦੇ ਨਾਲ ਹੀ ਅਗਲੇ ਦਿਨਾਂ ਵਿੱਚ ਸਰਕਾਰ ਨੂੰ ਹੋਰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਏਗਾ।

 

ਦਰਅਸਲ ਇਹ ਸੰਘਰਸ਼ 10-10 ਸਾਲਾਂ ਤੋਂ ਸਕੂਲਾਂ ਵਿੱਚ ਪੜ੍ਹਾ ਰਹੇ 8886 ਐਸਐਸਏ, ਰਮਸਾ, ਆਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ‘ਚ 65 ਤੋਂ 75 ਫੀਸਦੀ ਦੀ ਕਟੌਤੀ ਖਿਲਾਫ ਸ਼ੁਰੂ ਹੋਇਆ। ਇਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਸਖ਼ਤੀ ਵਰਤੀ। ਕਈ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਤੇ ਕਈਆਂ ਦੀਆਂ ਬਦਲੀਆਂ ਕਰ ਦਿੱਤੀਆਂ। ਇਸ ਨਾਲ ਅਧਿਆਪਕਾਂ ਵਿੱਚ ਹੋਰ ਰੋਸ ਵਧ ਗਿਆ ਤੇ ਸਾਰੀਆਂ ਅਧਿਆਪਕ ਯੂਨੀਅਨਾਂ ਦੇ ਨਾਲ-ਨਾਲ ਸਮੂਹ ਮੁਲਾਜ਼ਮ ਜਥੇਬੰਦੀਆਂ ਵੀ ਹਮਾਇਤ 'ਤੇ ਆ ਗਈਆਂ।

ਹੁਣ ਅਧਿਆਪਕਾਂ ਨੇ ਸ਼ਨੀਵਾਰ ਨੂੰ ‘ਪੋਲ ਖੋਲ’ ਰੈਲੀ ‘ਚ ਐਲਾਨ ਕੀਤਾ ਹੈ ਕਿ 18 ਅਕਤੂਬਰ ਨੂੰ ਦਸਹਿਰੇ ਮੌਕੇ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ ‘ਤੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਵਿੱਤ ਮੰਤਰੀ ਤੇ ਸਿੱਖਿਆ ਸਕੱਤਰ ਦੇ ਪੁਤਲੇ ਫੂਕੇ ਜਾਣਗੇ। ਇਸ ਤੋਂ ਇਲਾਵਾ 16 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਮਾਝੇ ਦੇ ਜ਼ਿਲ੍ਹਿਆਂ ਦੇ ਅਧਿਆਪਕ ਜਗਰਾਤਾ ਕਰਨਗੇ ਜਦਕਿ 15 ਤੋਂ 21 ਅਕਤੂਬਰ ਤੱਕ ਕਾਲਾ ਹਫ਼ਤਾ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਅਧਿਆਪਕਾਂ ਨੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ।

ਇਸ ਦੌਰਾਨ ਸਾਰੇ ਸੰਘਰਸ਼ੀ ਅਧਿਆਪਕ ਕਾਲੇ ਬਿੱਲੇ ਲਾ ਕੇ ਸਕੂਲਾਂ ਵਿੱਚ ਜਾਣਗੇ ਤੇ ਸਕੂਲ ਸਮੇਂ ਤੋਂ ਬਾਅਦ ਸਕੂਲਾਂ ਅੱਗੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣਗੇ। ਇਸ ਤੋਂ ਇਲਾਵਾ ਲਏ ਗਏ ਤਿੱਖੇ ਫੈਸਲੇ ਵਿੱਚ 21 ਅਕਤੂਬਰ ਨੂੰ ਪੰਜਾਬ ਦੀਆਂ ਸਮੁੱਚੀਆਂ ਮੁਲਾਜ਼ਮ ਤੇ ਜਨਤਕ ਜਥੇਬੰਦੀਆਂ ਨੂੰ ਲੈਂਦਿਆਂ ਮੁੱਖ ਮੰਤਰੀ ਦੇ ਪਟਿਆਲਾ ਸਥਿਤ ਘਰ ‘ਨਿਊ ਮੋਤੀ ਮਹਿਲ’ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ।