ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਰਗਾੜੀ ਬੇਅਦਬੀ ਘਟਨਾ ਦੇ ਗਵਾਹਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ, ਤਾਂ ਜੋ ਇਹ ਗਵਾਹ ਬਿਨਾਂ ਡਰ ਅਤੇ ਭੈਅ ਤੋਂ ਅਦਾਲਤ ਵਿੱਚ ਜਾ ਕੇ ਸੱਚੀ ਗਵਾਹੀ ਦੇ ਸਕਣ।


ਭਗਵੰਤ ਮਾਨ ਨੇ ਕਿਹਾ "ਸਾਲ 2015 ਵਿੱਚ ਬਰਗਾੜੀ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਸੀ , ਜਿਸ ਨਾਲ ਸਿੱਖ ਸੰਗਤ ਨੂੰ ਗਹਿਰਾ ਸਦਮਾ ਪੁਹੰਚਿਆ ਸੀ।"


ਉਨਾਂ ਕਿਹਾ ਕਿ "ਸੰਸਾਰ ਭਰ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਦੀਆਂ ਭਾਵਨਾਂ ਇਸ ਮਾਮਲੇ ਨਾਲ ਜੁੜੀਆਂ ਹੋਈਆਂ ਹਨ। ਭਾਵੇਂ ਕਿ ਪੰਜਾਬ ਦੀ ਸੱਤਾ ’ਤੇ ਕਾਬਜ ਲੋਕਾਂ ਨੇ ਇਸ ਮੰਦਭਾਗੀ ਘਟਨਾ ਦੀ ਜਾਂਚ ਲਈ ਸੀਨੀਅਰ ਪੁਲਿਸ ਅਧਿਕਾਰੀ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਕਮੇਟੀ ਬਣਾ ਕੇ ਸੰਗਤ ਇਨਸਾਫ਼ ਦੇਣ ਦਾ ਵਾਅਦਾ ਕੀਤਾ ਸੀ। ਪਰ ਸੱਤਾਧਾਰੀਆਂ ਦੀ ਨੀਅਤ ਤੇ ਨੀਤੀ ਸਾਫ਼ ਨਾ ਹੋਣ ਕਾਰਨ ਸੰਗਤ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆਂ।"


ਆਪ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ "ਆਈ. ਜੀ  ਕੁੰਵਰ ਵਿਜੈ ਪ੍ਰਤਾਪ ਸਿੰਘ, ਜਿਨਾਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਨੇ ਪੰਜਾਬ ਦੀ ਮੁੱਖ ਸਕੱਤਰ ਅਤੇ ਪੰਜਾਬ ਦੇ ਪੁਲਿਸ ਮੁੱਖੀ ਨੂੰ ਇੱਕ ਪੱਤਰ ਲਿਖਿਆ ਕਿ ਬਰਗਾੜੀ ਬੇਦਅਬੀ ਮਾਮਲੇ ਵਿੱਚ ਜਿਹੜੇ ਵਿਅਕਤੀ ਗਵਾਹ ਹਨ, ਉਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਵਾਹੀਆਂ ਨਾ ਦੇਣ ਲਈ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ। ਇਸੇ ਤਰਾਂ ਕਈ ਤਰਾਂ ਦੇ ਲਾਲਚ ਵੀ ਗਵਾਹਾਂ ਨੂੰ ਦਿੱਤੇ ਜਾ ਰਹੇ ਹਨ।"


ਉਨਾਂ ਕਿਹਾ "ਗਵਾਹਾਂ ਨੂੰ ਡਰਾਉਣ  ਧਮਕਾਉਣ ਤੇ ਲਾਲਚ ਦੇਣ ਦੀਆਂ ਘਟਨਾਵਾਂ ਸਿੱਖਾਂ ਦੇ ਵਲੂੰਧਰੇ ਹਿਰਦਿਆਂ ’ਤੇ ਲੂਣ ਮਲਣ ਦਾ ਕੰਮ ਕਰ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਹੈ ਕਿ ਭਾਵੇਂ ਸਰਕਾਰ ਬਰਗਾੜੀ ਮਾਮਲੇ ਦੀ ਜਾਂਚ ਰਿਪੋਰਟ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸਹੀ ਤਰੀਕੇ ਨਾਲ ਰੱਖਣ ਵਿੱਚ ਫ਼ੇਲ ਹੋਈ ਹੈ, ਪਰ ਹੁਣ ਮਾਮਲੇ ਦੇ ਗਵਾਹਾਂ ਨੂੰ ਉਚ ਪੱਧਰੀ ਪੁਲਿਸ ਸੁਰੱਖਿਆ ਪ੍ਰਦਾਨ ਕਰੇ, ਤਾਂ ਜੋ ਸਾਰੇ ਗਵਾਹ ਬਿਨਾਂ ਡਰ ਭੈਅ ਤੋਂ ਅਦਾਲਤ ਵਿੱਚ ਸੱਚੀ ਗਵਾਹੀ ਦੇ ਕੇ ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਸਕਣ।"