Abohar News: ਅਬੋਹਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਦੱਸ ਦੇਈਏ ਕਿ ਪਿੰਡ ਸੀਡ ਫਾਰਮ ਦੀ ਵਸਨੀਕ ਇੱਕ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਦੇ ਸਹੁਰੇ ਵੱਲੋਂ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਗਿਆ ਅਤੇ ਅਜਿਹਾ ਨਾ ਕਰਨ ’ਤੇ ਉਸ ਦੀ ਕੁੱਟਮਾਰ ਕੀਤੀ ਗਈ। ਜਦੋਂ ਉਸ ਦੀ ਮਾਂ ਅਤੇ ਭਰਜਾਈ ਉਸ ਨੂੰ ਬਚਾਉਣ ਲਈ ਆਏ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਤਿੰਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਲਾਜ ਅਧੀਨ ਔਰਤ, ਉਮਰ ਕਰੀਬ 30 ਸਾਲ, ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦਾ ਇੱਥੋਂ ਦੇ ਵਸਨੀਕ ਜਸਪ੍ਰੀਤ ਨਾਲ ਪ੍ਰੇਮ ਵਿਆਹ ਹੋਇਆ ਸੀ। ਜਿਸ ਦੀ ਕਰੀਬ ਢਾਈ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਇੱਕ ਬੱਚਾ ਹੈ।


ਉਸ ਨੇ ਦੱਸਿਆ ਕਿ ਉਹ ਵੱਖਰੇ ਘਰ ਵਿਚ ਰਹਿੰਦੀ ਹੈ ਜਦਕਿ ਉਸ ਦਾ ਸਹੁਰਾ ਵੱਖਰੇ ਘਰ ਵਿਚ ਰਹਿੰਦਾ ਹੈ ਅਤੇ ਉਸ ਦੀ ਸੱਸ ਵੀ ਨਹੀਂ ਹੈ। ਔਰਤ ਨੇ ਦੋਸ਼ ਲਾਇਆ ਕਿ ਉਸ ਦਾ ਸਹੁਰਾ ਉਸ ਨੂੰ ਨਾਜਾਇਜ਼ ਸਬੰਧਾਂ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦਾ ਹੈ, ਜਿਸ ਦੀ ਸ਼ਿਕਾਇਤ ਉਸ ਨੇ ਕਰੀਬ 15 ਦਿਨ ਪਹਿਲਾਂ ਚੌਕੀ ਸੀਡ ਫਾਰਮ ਵਿਖੇ ਦਿੱਤੀ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। 


ਜਿਸ ਤੋਂ ਬਾਅਦ ਉਸ ਦੇ ਸਹੁਰੇ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਦਾ ਰੌਲਾ ਸੁਣ ਕੇ ਜਦੋਂ ਗੁਆਂਢ 'ਚ ਰਹਿੰਦੀ ਉਸ ਦੀ ਮਾਂ ਅਤੇ ਭਰਜਾਈ ਆਈਆਂ ਤਾਂ ਉਸ ਦੇ ਸਹੁਰੇ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਹਸਪਤਾਲ 'ਚ ਭਰਤੀ ਹੋ ਗਈ। ਤਿੰਨਾਂ ਦਾ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਇਲਾਜ ਕੀਤਾ ਗਿਆ। ਇਸ ਦਾ ਐਮ.ਐਲ.ਆਰ. ਬਣਾ ਕੇ ਨਗਰ ਥਾਣਾ ਨੰ. 1 ਨੂੰ ਭੇਜੀ ਗਈ ਹੈ।