Punjab AQI : ਦੀਵਾਲੀ ਦਾ ਤਿਉਹਾਰ ਅੱਜ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਹਰ ਕੋਈ ਘਰ ਨੂੰ ਸਜਾਉਣ ਵਿੱਚ ਰੁੱਝਿਆ ਹੋਇਆ ਹੈ। ਰਾਤ ਵੇਲੇ ਦੀਵੇ ਜਗਾਉਣ ਅਤੇ ਪਟਾਕਿਆਂ ਦੀ ਤਿਆਰੀ ਵੀ ਹੋ ਰਹੀਆ ਹਨ ਪਰ ਰਾਤ ਪੈਣ ਤੋਂ ਪਹਿਲਾਂ ਹੀ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਨੇ ਔਖੇ ਸਾਹ ਲੈਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 170 ਨੂੰ ਪਾਰ ਕਰ ਗਿਆ ਹੈ। ਇਸ ਪ੍ਰਦੂਸ਼ਣ ਵਿੱਚ ਇੱਕ ਸਿਹਤਮੰਦ ਵਿਅਕਤੀ ਵੀ ਸਾਹ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।


ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਅਤੇ ਛੋਟੀ ਦੀਵਾਲੀ ਦੀਆਂ ਖੁਸ਼ੀਆਂ ਵਿਚਕਾਰ ਐਤਵਾਰ ਦੇਰ ਰਾਤ ਤੱਕ ਰੁਕ-ਰੁਕ ਕੇ ਪਟਾਕਿਆਂ ਦਾ ਸਿਲਸਿਲਾ ਜਾਰੀ ਰਿਹਾ। ਇੰਨਾ ਹੀ ਨਹੀਂ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿਸ ਕਾਰਨ ਦਿਵਾਲੀ ਤੋਂ ਇੱਕ ਰਾਤ ਪਹਿਲਾਂ ਪੰਜਾਬ ਦਾ ਮਾਹੌਲ ਪ੍ਰਦੂਸ਼ਿਤ ਹੋ ਗਿਆ ਹੈ।


ਲੁਧਿਆਣਾ ਵਿੱਚ ਪੰਜਾਬ ਵਿੱਚ ਸਭ ਤੋਂ ਖ਼ਰਾਬ AQI ਹੈ, ਜੋ ਕਿ ਵੱਧ ਤੋਂ ਵੱਧ AQI 438 ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਜ ਰਾਤ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਇਹ ਅੰਕੜਾ 300 AQI ਨੂੰ ਪਾਰ ਕਰ ਸਕਦਾ ਹੈ। ਜੋ ਨਾ ਸਿਰਫ ਸਾਡੀ ਸਿਹਤ ਨੂੰ ਖਰਾਬ ਸਗੋਂ ਸਾਡੀ ਸਿਹਤ ਨੂੰ ਬਹੁਤ ਜ਼ਿਆਦਾ ਖਰਾਬ ਕਰ ਸਕਦਾ ਹੈ।


ਦਿੱਲੀ 'ਚ ਪ੍ਰਦੂਸ਼ਨ ਲਈ ਜ਼ਿੰਮੇਵਾਰ ਕੌਣ?


ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀਆਰਈਏ) ਦੇ ਦੁਆਰਾ ਖੋਜ ਅਧਿਐਨ ਮੁਤਾਬਕ ਦਿੱਲੀ 'ਚ ਅਕਤੂਬਰ ਤੇ ਨਵੰਬਰ 'ਚ ਜ਼ਿਆਦਾ ਹਵਾ ਪ੍ਰਦੂਸ਼ਣ ਦੇ ਪਿੱਛੇ ਪਰਾਲੀ ਸਾੜਨਾ ਅਹਿਮ ਕਾਰਨ ਬਣਿਆ ਹੋਇਆ ਹੈ। ਇਸ 'ਚ ਅੱਗੇ ਕਿਹਾ ਗਿਆ ਹੈ ਕਿ ਦਿੱਲੀ 'ਚ ਪ੍ਰਦੂਸ਼ਣ ਦੇ ਮੁੱਖ ਸਰੋਤਾਂ 'ਚ ਗੈਸਾਂ ਦੀ ਨਿਕਾਸੀ ਕੰਟਰੋਲ ਤਕਨੀਕਾਂ ਦੀ ਕਮੀ, ਵਾਹਨਾਂ ਦੁਆਰਾ ਪ੍ਰਦੂਸ਼ਣ ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਸ਼ਾਮਲ ਹਨ, ਜਿਸ ਨਾਲ ਸ਼ਹਿਰ ਦੀ ਹਵਾ ਦੀ ਗੁਣਵੱਤਾ ਬੇਹੱਦ ਖ਼ਤਰਨਾਕ ਹੋ ਗਈ ਹੈ।


ਅਧਿਐਨ 'ਚ ਕਿਹਾ ਗਿਆ ਕਿ 5 ਤੋਂ 11 ਅਕਤੂਬਰ ਵਿਚਕਾਰ ਹੋਈ ਬਾਰਸ਼ ਨੇ ਦਿੱਲੀ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਤੋਂ ਥੋੜ੍ਹੀ ਰਾਹਤ ਦਿੱਤੀ ਹੈ ਪਰ ਉਦੋਂ ਤੋਂ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ ਤੇ ਸਰਦੀਆਂ ਦੇ ਤੇਜ਼ੀ ਨਾਲ ਨੇੜੇ ਆਉਣ 'ਤੇ ਇਹ ਜਾਰੀ ਰਹੇਗੀ। ਅਧਿਐਨ 'ਚ ਕਿਹਾ ਗਿਆ ਹੈ ਕਿ ਗੁੜਗਾਓਂ, ਗਾਜ਼ੀਆਬਾਦ, ਨੋਇਡਾ, ਫਰੀਦਾਬਾਦ, ਪਾਣੀਪਤ, ਅੰਬਾਲਾ, ਅੰਮ੍ਰਿਤਸਰ ਤੇ ਜਲੰਧਰ ਸਮੇਤ ਦਿੱਲੀ ਦੇ ਨੇੜਲੇ ਸ਼ਹਿਰਾਂ ਤੇ ਪੇਂਡੂ ਖੇਤਰਾਂ 'ਚ ਵੀ ਇਹੀ ਜਾਂ ਇਸ ਤੋਂ ਵੱਧ ਪ੍ਰਦੂਸ਼ਣ ਪੱਧਰ ਦੀ ਸੰਭਾਵਨਾ ਹੈ।