Punjab News: ਪੰਜਾਬ ਬੀਜੇਪੀ ਦੇ ਲੀਡਰ ਸ਼ਵੇਤ ਮਲਿਕ ਦੇ ਬਿਆਨ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਸਾਬਕਾ ਰਾਜ ਸਭਾ ਮੈਂਬਰ ਮਲਿਕ ਨੇ ਜੰਮੂ-ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲਿਆਂ ਨੂੰ ਛੋਟੀਆਂ-ਮੋਟੀਆਂ ਘਟਨਾਵਾਂ ਦੱਸਿਆ ਹੈ। ਉਹ ਬਟਾਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 



ਇਸ ਦੌਰਾਨ ਪੱਤਰਕਾਰਾਂ ਨੇ ਜਦੋਂ ਇਹ ਗੱਲ ਸੁਣੀ ਤਾਂ ਉਨ੍ਹਾਂ ਨੇ ਭਾਜਪਾ ਆਗੂ ਦੇ ਬਿਆਨ ਦਾ ਵਿਰੋਧ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਬੈਠੇ ਸਾਬਕਾ ਮੰਤਰੀ ਅਸ਼ਵਨੀ ਸ਼ੇਖੜੀ ਤੇ ਸਾਬਕਾ ਵਿਧਾਇਕ ਬਲਵਿੰਦਰ ਲਾਡੀ ਵੀ ਬੇਚੈਨ ਜਿਹੇ ਨਜ਼ਰ ਆਏ। ਇਸ ਤੋਂ ਬਾਅਦ ਮਲਿਕ ਨੇ ਆਪਣੀ ਗੱਲ ਬਦਲ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ।



ਦੱਸ ਦਈਏ ਕਿ ਸ਼ਵੇਤ ਮਲਿਕ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਨ। ਉਹ ਅੰਮ੍ਰਿਤਸਰ ਦੇ ਮੇਅਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ 2016 'ਚ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਸੀ। ਇਸ ਸਮੇਂ ਉਹ ਪੰਜਾਬ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਹਨ। ਸ਼ਵੇਤ ਮਲਿਕ ਨੂੰ ਮਰਹੂਮ ਭਾਜਪਾ ਆਗੂ ਅਰੁਣ ਜੇਤਲੀ ਦਾ ਕਰੀਬੀ ਮੰਨਿਆ ਜਾਂਦਾ ਸੀ। ਜਦੋਂ ਜੇਤਲੀ ਨੇ ਅੰਮ੍ਰਿਤਸਰ ਤੋਂ ਚੋਣ ਲੜੀ ਸੀ ਤਾਂ ਮਲਿਕ ਨੇ ਉਨ੍ਹਾਂ ਦੀ ਚੋਣ ਦਾ ਜ਼ਿੰਮਾ ਸੰਭਾਲਿਆ ਸੀ। ਹਾਲਾਂਕਿ ਉਦੋਂ ਜੇਤਲੀ ਹਾਰ ਗਏ ਸਨ।


ਬਟਾਲਾ ਪ੍ਰੈੱਸ ਕਲੱਬ ਪੁੱਜੇ ਭਾਜਪਾ ਆਗੂ ਸ਼ਵੇਤ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨੇ ਉਨ੍ਹਾਂ ਤੋਂ ਜੰਮੂ ਅੰਦਰ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਤੇ ਕਈ ਜਵਾਨਾਂ ਦੀ ਸ਼ਹਾਦਤ ਬਾਰੇ ਪੁੱਛਿਆ। ਇਸ 'ਤੇ ਸ਼ਵੇਤ ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਚੋਣਾਂ 'ਚ ਰੁੱਝੀ ਹੋਈ ਸੀ। ਉਦੋਂ ਅਜਿਹੀਆਂ ਛਿੱਟਪੁੱਟ ਘਟਨਾਵਾਂ ਇੱਕ ਸਾਜ਼ਿਸ਼ ਸੀ। ਇਹ ਸੁਣ ਕੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ।


ਪੱਤਰਕਾਰਾਂ ਨੇ ਉਨ੍ਹਾਂ ਨੂੰ ਆਪਣੇ ਬਿਆਨ 'ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਕਿ ਕੀ 5-5 ਜਵਾਨ ਸ਼ਹੀਦ ਹੋਏ ਸਨ ਤੇ ਤੁਸੀਂ ਇਸ ਨੂੰ ਮਾੜੀ-ਮੋਟੀ ਘਟਨਾ ਕਹਿ ਰਹੇ ਹੋ। ਪੱਤਰਕਾਰਾਂ ਨੇ ਸਵਾਲ ਉਠਾਏ ਕਿ ਉਹ ਸੈਨਿਕਾਂ ਦੀ ਸ਼ਹਾਦਤ ਨੂੰ ਛਿੱਟ-ਪੁੱਟ ਘਟਨਾ ਕਹਿ ਰਹੇ ਹਨ।



ਪੱਤਰਕਾਰ ਨੇ ਪੁੱਛਿਆ ਕਿ ਪਿਛਲੇ 4 ਮਹੀਨਿਆਂ ਵਿੱਚ 8 ਅੱਤਵਾਦੀ ਹਮਲੇ ਹੋਏ ਹਨ। ਇਸ ਵਿੱਚ 7 ​​ਜਵਾਨ ਸ਼ਹੀਦ ਹੋਏ ਸਨ ਤੇ 5 ਜ਼ਖਮੀ ਹੋਏ ਸੀ। ਦਾਅਵਾ ਕੀਤਾ ਗਿਆ ਸੀ ਕਿ ਇਹ ਪਾਕਿਸਤਾਨ ਤੋਂ ਆਏ ਸੀ। ਸਰਕਾਰ ਬਣੀ ਨੂੰ 10 ਸਾਲ ਹੋ ਗਏ ਹਨ। ਫਿਰ ਕਿਸ ਤਰ੍ਹਾਂ ਦਾਅਵਾ ਕੀਤਾ ਜਾ ਸਕਦਾ ਹੈ ਕਿ ਸਰਹੱਦਾਂ ਸੁਰੱਖਿਅਤ ਹਨ?


ਇਸ ਬਾਰੇ ਸ਼ਵੇਤ ਮਲਿਕ ਨੇ ਕਿਹਾ ਕਿ ਅਜਿਹਾ ਹੈ ਕਿ ਚੋਣ ਪ੍ਰਕਿਰਿਆ 4 ਮਹੀਨੇ ਤੱਕ ਚਲਦੀ ਰਹੀ। ਇਸ ਕਾਰਨ ਸਾਰੇ ਰੁੱਝੇ ਰਹੇ। ਦੂਜੀ ਗੱਲ ਇਹ ਹੈ ਕਿ ਅੰਕੜਿਆਂ 'ਤੇ ਨਜ਼ਰ ਮਾਰੋ ਕਿ ਕਾਂਗਰਸ ਦੇ ਰਾਜ ਦੌਰਾਨ ਅੱਤਵਾਦ ਦੀਆਂ ਕਿੰਨੀਆਂ ਘਟਨਾਵਾਂ ਵਾਪਰੀਆਂ ਤੇ ਹੁਣ ਕਿੰਨੀਆਂ ਹੋਈਆਂ ਹਨ। ਤੁਸੀਂ ਦੱਸੋ ਗਿਲਾਨੀ ਜੀ ਕਿੱਥੇ ਹਨ? ਯਾਸੀਨ ਮਲਿਕ ਕਿੱਥੇ ਹੈ? ਜਿਸ ਨੂੰ ਕਾਂਗਰਸ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਗਲੇ ਲਾ ਕੇ ਖੂਨ ਵਹਾਇਆ। ਕਿੱਥੇ ਹੈ ਮੌਲਵੀ ਉਮਰ ਫਾਰੂਕ, ਸ਼ੇਖ ਅਬਦੁੱਲਾ, ਉਹ ਅੱਜ ਚੁੱਪ ਬੈਠੇ ਹਨ। ਦਹਿਸ਼ਤਗਰਦਾਂ ਦੀ ਭਾਸ਼ਾ ਬੋਲਣ ਵਾਲੀ ਮਹਿਬੂਬਾ ਮੁਫਤੀ ਸਈਅਦ ਦੀ ਬੋਲਤੀ ਬੰਦ ਹੈ।