Punjab budget 2022-23: ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ। ਸਦਨ ਵਿੱਚ ਜੁੜੇ ਮੈਂਬਰਾਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਣੇ ਕਈ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।


ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਸਿੱਧੂ ਮੂਸੇਵਾਲਾ, ਸਾਬਕਾ ਮੰਤਰੀਆਂ ਤੋਤਾ ਸਿੰਘ ਤੇ ਹਰਦੀਪਿੰਦਰ ਸਿੰਘ ਬਾਦਲ, ਸਾਬਕਾ ਵਿਧਾਇਕਾਂ ਸੁਖਦੇਵ ਸਿੰਘ ਤੇ ਸ਼ਿੰਗਾਰਾ ਰਾਮ ਸਹੂੰਗੜਾ, ਅਰਜੁਨਾ ਐਵਾਰਡੀ ਗੁਰਚਰਨ ਸਿੰਘ ਭੰਗੂ ਤੇ ਹਰੀ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸਦਨ ਨੇ ਆਜ਼ਾਦੀ ਘੁਲਾਟੀਆਂ ਸਵਰਨ ਸਿੰਘ, ਕਰੋੜਾ ਸਿੰਘ ਤੇ ਸੁਖਰਾਜ ਸਿੰਘ ਸੰਧਾਵਾਲੀਆ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। 


 


ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 30 ਜੂਨ ਤੱਕ ਚੱਲੇਗਾ। 27 ਜੂਨ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਭਗਵੰਤ ਮਾਨ ਸਰਕਾਰ ਤੋਂ ਸਾਰਿਆਂ ਤਬਕਿਆਂ ਨੂੰ ਵੱਡੀਆਂ ਉਮੀਦਾਂ ਹਨ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਲੋਕਾਂ ਦਾ ਬਜਟ ਹੋਏਗਾ ਕਿਉਂਕਿ ਹਰ ਵਰਗ ਤੋਂ ਸੁਝਾਅ ਲੈ ਕੇ ਹੀ ਬਜਟ ਤਿਆਰ ਕੀਤਾ ਹੈ। ਇਸ ਬਜਟ ਸ਼ੈਸ਼ਨ ਵਿੱਚ ‘ਆਪ’ ਸਰਕਾਰ ਵੱਲੋਂ ਅਹਿਮ ਬਿੱਲ ਵੀ ਲਿਆਂਦੇ ਜਾ ਰਹੇ ਹਨ ਜਿਨ੍ਹਾਂ ਵਿੱਚ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਤੇ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਦਾ ਬਿੱਲ ਵੀ ਸ਼ਾਮਲ ਹੈ।



ਦੱਸ ਦਈਏ ਕਿ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਇੱਕ ਵਿਧਾਇਕ-ਇੱਕ ਪੈਨਸ਼ਨ ਦਾ ਆਰਡੀਨੈਂਸ ਪਾਸ ਕੀਤਾ ਸੀ। ਇਸ ਨੂੰ ਮਨਜ਼ੂਰੀ ਲਈ ਰਾਜਪਾਲ ਕੋਲ ਭੇਜਿਆ ਗਿਆ ਸੀ। ਹਾਲਾਂਕਿ, ਰਾਜਪਾਲ ਨੇ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਇਸ ਨੂੰ ਵਿਧਾਨ ਸਭਾ ਤੋਂ ਪਾਸ ਕਰਕੇ ਭੇਜਿਆ ਜਾਵੇ। ਇਸ ਤੋਂ ਬਾਅਦ ਅੱਜ ਤੋਂ ਹੀ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ਇਸ ਨੂੰ ਪਾਸ ਕਰ ਦਿੱਤਾ ਜਾਵੇਗਾ।


ਇਸ ਤੋਂ ਇਲਾਵਾ ਬਜਟ ਵਿੱਚ ਸਰਕਾਰ ਮੁਫਤ ਬਿਜਲੀ ਦਾ ਵੀ ਪ੍ਰਬੰਧ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜੁਲਾਈ ਤੋਂ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਕੂਲ ਤੇ ਸਿਹਤ ਢਾਂਚੇ ਸਬੰਧੀ ਵੀ ਬਜਟ ਵਿੱਚ ਵੱਡੇ ਪ੍ਰਬੰਧ ਕੀਤੇ ਜਾ ਸਕਦੇ ਹਨ। ਇਹ ਬਜਟ ਪੇਪਰ ਰਹਿਤ ਹੋਵੇਗਾ। ਵਿਧਾਇਕਾਂ ਨੂੰ ਮੋਬਾਈਲ ਐਪ ਰਾਹੀਂ ਬਜਟ ਉਪਲਬਧ ਕਰਵਾਇਆ ਜਾਵੇਗਾ।


ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੈਸ਼ਨ ਦਾ ਸਿੱਧਾ ਪ੍ਰਸਾਰਨ ਹੋਵੇਗਾ ਤੇ ਬਜਟ ਸੈਸ਼ਨ ਨਿਰੋਲ ਪੰਜਾਬੀ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਸਿਫਰ ਕਾਲ ਵਿੱਚ ਮੁੱਦੇ ਉਠਾਏ ਜਾਂਦੇ ਹਨ, ਉਨ੍ਹਾਂ ਮੁੱਦਿਆਂ ਦਾ ਜਵਾਬ ਸਰਕਾਰ ਤੋਂ ਮਗਰੋਂ ਦਿਵਾਇਆ ਜਾਵੇਗਾ। ਸੰਧਵਾਂ ਨੇ ਕਿਹਾ ਕਿ ਸਾਰੀਆਂ ਧਿਰਾਂ ਨੂੰ ਬਣਦਾ ਸਮਾਂ ਦਿੱਤਾ ਜਾਵੇਗਾ ਤਾਂ ਜੋ ਪਵਿੱਤਰ ਸਦਨ ਵਿੱਚ ਸੰਵਾਦ ਦਾ ਮਾਹੌਲ ਸਿਰਜਿਆ ਜਾ ਸਕੇ।