ਚੰਡੀਗੜ੍ਹ: ਮਹਿੰਗਾਈ ਦੇ ਦੌਰ 'ਚ ਪੰਜਾਬੀਆਂ ਲਈ ਰਾਹਤ ਦੀ ਖਬਰ ਹੈ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ‘ਆਪ’ ਸਰਕਾਰ ਵੱਲੋਂ ਜੂਨ ਮਹੀਨੇ ਵਿੱਚ ਪੇਸ਼ ਕੀਤੇ ਜਾਣ ਵਾਲੇ ‘ਜਨਤਾ ਬਜਟ’ ਵਿੱਚ ਲੋਕਾਂ ਉੱਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ। ਉਨ੍ਹਾਂ ‘ਜਨਤਾ ਬਜਟ’ ਦੀ ਤਿਆਰੀ ਲਈ ਮਿਲੇ ਲੋਕ ਹੁੰਗਾਰੇ ਤੇ ਸੁਝਾਵਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ‘ਜਨਤਾ ਬਜਟ 2022-23’ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਤੇ ਮਸ਼ਵਰਿਆਂ ਉੱਤੇ ਆਧਾਰਤ ਹੋਵੇਗਾ।



ਵਿੱਤ ਮੰਤਰੀ ਚੀਮਾ ਨੇ ਮੰਗ ਉਠਾਈ ਕਿ ਕੇਂਦਰ ਸਰਕਾਰ ਜੀਐਸਟੀ ਮੁਆਵਜ਼ਾ ਰਾਸ਼ੀ ਨੂੰ ਜਾਰੀ ਰੱਖੇ ਅਤੇ ਇਹ ਰਾਸ਼ੀ ਬੰਦ ਨਹੀਂ ਹੋਣੀ ਚਾਹੀਦੀ ਹੈ। ਜਾਣਕਾਰੀ ਮੁਤਾਬਕ ਜੂਨ ਮਹੀਨੇ ਵਿੱਚ ਇਹ ਮੁਆਵਜ਼ਾ ਰਾਸ਼ੀ ਬੰਦ ਹੋ ਰਹੀ ਹੈ। ਚੀਮਾ ਨੇ ਦੱਸਿਆ ਕਿ ਉਹ ਬਦਲਵੇਂ ਪ੍ਰਬੰਧ ਵੀ ਤਲਾਸ਼ ਰਹੇ ਹਨ। ਉਹ ਜੀਐਸਟੀ ਕੌਂਸਲ ਵਿੱਚ ਵੀ ਇਹ ਮੁੱਦਾ ਚੁੱਕਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਟੈਕਸ ਵਸੂਲੀ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹੀ ਚੱਲਾਂਗੇ। ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਸਾਰੀਆਂ ਗਾਰੰਟੀਆਂ ਨੂੰ ਪੰਜ ਸਾਲਾਂ ਦੌਰਾਨ ਸਮੇਂ ਸਮੇਂ ’ਤੇ ਪੂਰਾ ਕੀਤਾ ਜਾਵੇਗਾ।

ਦੱਸ ਦਈਏ ਕਿ ‘ਆਪ’ ਸਰਕਾਰ ਨੇ ‘ਜਨਤਾ ਬਜਟ’ ਤਿਆਰ ਕਰਨ ਲਈ ਸਮੁੱਚੇ ਪੰਜਾਬ ਦੇ ਹਰ ਵਰਗ ਤੋਂ ਰਾਏ ਮਸ਼ਵਰਾ ਲੈਣ ਲਈ ਮੁਹਿੰਮ ਵਿੱਢੀ ਸੀ। ਇਸ ਸਬੰਧੀ ਪਹਿਲੀ ਤੋਂ 10 ਮਈ ਤੱਕ ਦੋ ਪੋਰਟਲ ਜਾਰੀ ਕਰ ਕੇ ਸੁਝਾਅ ਮੰਗੇ ਗਏ ਸਨ। ਵਿੱਤ ਮੰਤਰੀ ਨੇ ਪੰਜਾਬ ਦੇ ਸ਼ਹਿਰਾਂ ਤੇ ਵੱਖ-ਵੱਖ ਤਬਕਿਆਂ ਦੇ ਲੋਕਾਂ ਨਾਲ ਸੰਵਾਦ ਕਰ ਕੇ ਜਨਤਾ ਬਜਟ ਲਈ ਧਰਾਤਲ ਤਿਆਰ ਹੋਣ ਦਾ ਦਾਅਵਾ ਕੀਤਾ ਹੈ।

ਵਿੱਤ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਜਨਤਾ ਬਜਟ ਲਈ 10 ਦਿਨਾਂ ਦੌਰਾਨ 20 ਹਜ਼ਾਰ ਤੋਂ ਵੱਧ ਲੋਕਾਂ ਨੇ ਸੁਝਾਅ ਦਿੱਤੇ ਹਨ, ਜਦੋਂਕਿ 500 ਦੇ ਕਰੀਬ ਮੈਮੋਰੰਡਮ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ 31 ਤੋਂ 40 ਸਾਲ ਉਮਰ ਵਰਗ ਦੇ ਲੋਕਾਂ ਨੇ ਸਭ ਤੋਂ ਵੱਧ 45.42 ਫ਼ੀਸਦੀ ਲੋਕਾਂ ਨੇ ਬਜਟ ਲਈ ਮਸ਼ਵਰਾ ਦਿੱਤਾ ਹੈ, ਜਦਕਿ 22 ਤੋਂ 30 ਸਾਲ ਉਮਰ ਵਰਗ ਦੇ 16.77 ਫ਼ੀਸਦੀ ਲੋਕਾਂ ਨੇ ਰਾਇ ਰੱਖੀ ਹੈ। 41 ਤੋਂ 50 ਸਾਲ ਦੇ 29.33 ਫ਼ੀਸਦੀ ਅਤੇ 50 ਸਾਲ ਤੋਂ ਉੱਪਰ ਦੇ 6.85 ਫ਼ੀਸਦੀ ਲੋਕਾਂ ਨੇ ਬਜਟ ਵਾਸਤੇ ਆਪਣੇ ਸੁਝਾਅ ਪੇਸ਼ ਕੀਤੇ ਹਨ।