Punjab Budget 2022: ਪੰਜਾਬ ਸਰਕਾਰ ਨੇ ਬਜਟ ਪੇਸ਼ ਕਰਦਿਆਂ ਐਲਾਨ ਕੀਤੇ ਹੈ ਕਿ ਪੰਜਾਬ ਵਿੱਚ 26 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਕੱਢੀਆਂ ਜਾਣਗੀਆਂ। ਇਸ ਲਈ 714 ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਦੇ 36000 ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ। ਇਸ 540 ਕਰੋੜ ਰੁਪਏ ਰੱਖੇ ਹਨ।


ਸਿਹਤ ਲਈ 4731 ਕਰੋੜ ਰੱਖੇ


ਪੰਜਾਬ ਸਰਕਾਰ ਨੇ ਬਜਟ ਵਿੱਚ ਸਿਹਤ ਲਈ 4731 ਕਰੋੜ ਰੱਖੇ ਹਨ। ਇਹ ਪਹਿਲਾਂ ਦੇ ਬਜਟ ਨਾਲੋਂ 23.80% ਵੱਧ ਹੈ। ਸਰਕਾਰ ਨੇ 117 ਮੁਹੱਲਾ ਕਲੀਨਿਕਾਂ ਲਈ 77 ਕਰੋੜ ਰੁਪਏ ਰੱਖੇ ਹਨ। ਸਰਕਾਰ ਨੇ ਐਲਾਨ ਕੀਤਾ ਹੈ ਕਿ ਦੁਰਘਟਨਾ ਵਿੱਚ ਜ਼ਖਮੀਆਂ ਦਾ ਇਲਾਜ ਮੁਫਤ ਹੋਏਗਾ। ਇਸ ਦੇ ਨਾਲ ਹੀ ਜੋ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਏਗਾ, ਉਸ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਲਈ ਦਿੱਲੀ ਵਾਂਗ ਫ਼ਰਿਸ਼ਤੇ ਸਕੀਮ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ 5 ਸਾਲਾਂ ਵਿੱਚ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਮੈਡੀਕਲ ਸਿੱਖਿਆ ਲਈ 1033 ਕਰੋੜ ਰੱਖੇ ਗਏ ਹਨ। ਸੰਗਰੂਰ ਦੇ ਮੈਡੀਕਲ ਕਾਲਜ ਲਈ 50 ਕਰੋੜ ਰੁਪਏ ਰੱਖੇ ਹਨ।


ਉਦਯੋਗਿਕ ਵਿਕਾਸ ਲਈ 3163 ਕਰੋੜ ਰੁਪਏ ਰੱਖੇ


ਪੰਜਾਬ ਸਰਕਾਰ ਨੇ ਬਜਟ ਵਿੱਚ ਪੰਜਾਬ ਦੇ ਉਦਯੋਗਿਕ ਵਿਕਾਸ ਲਈ 3163 ਕਰੋੜ ਰੁਪਏ ਰੱਖੇ ਗਏ ਹਨ ਜੋ ਪਿਛਲੇ ਸਾਲ ਨਾਲੋਂ 48.06% ਵੱਧ ਹਨ। ਪੰਜਾਬ ਦੇ ਵਪਾਰੀਆਂ ਲਈ ਵੱਖਰੀ ਕਮਿਸ਼ਨ ਬਣੇਗਾ। ਪੰਜਾਬ ਵਿੱਚ ਉਦਯੋਗਿਕ ਫੋਕਲ ਪੁਆਇੰਟ ਲਈ 100 ਕਰੋੜ ਰੁਪਏ ਰੱਖੇ ਹਨ। ਪੰਜਾਬ ਦੇ ਉਦਯੋਗਾਂ ਨੂੰ ਬਿਜਲੀ ਸਬਸਿਡੀ ਜਾਰੀ ਰਹੇਗੀ ਜਿਸ ਲਈ 2503 ਕਰੋੜ ਰੁਪਏ ਜਾਰੀ ਰਹਿਣਗੇ। ਇਸ ਤੋਂ ਇਲਾਵਾ ਸਹਿਕਾਰੀ ਖੇਤਰ ਲਈ 1170 ਕਰੋੜ ਰੁਪਏ ਰੱਖੇ ਹਨ ਜੋ ਪਿਛਲੇ ਸਾਲ ਨਾਲੋਂ 35.67% ਵੱਧ ਹੈ। ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ 688 ਕਰੋੜ ਰੁਪਏ ਦੱਤੇ ਹਨ। ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ 'ਤੇ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ 'ਚ 50000 ਬੂਟੇ ਤੇ 115 ਤ੍ਰਿਵੇਣੀ ਦੇ ਬੂਟੇ ਲਗਾਏ ਜਾਣਗੇ।