ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਫਿਲਮ ਵਿਕਾਸ ਕੌਂਸਲ, ਪੰਜਾਬ ਦੇ ਗਠਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਸਬੰਧੀ ਪ੍ਰਸਤਾਵ ਨੂੰ ਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ ਹਰੀ ਝੰਡੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੂਬੇ ਦੀ ਸ਼ਾਨਾਮੱਤੀ ਸੱਭਿਆਚਾਰਕ ਵਿਰਾਸਤ ਨੂੰ ਫਿਲਮਾਂ ਰਾਹੀਂ ਪ੍ਰਫੁੱਲਤ ਕਰਨਾ ਸਮੇਂ ਦੀ ਲੋੜ ਹੈ, ਜੋ ਅਜੋਕੇ ਸਮੇਂ ਵਿੱਚ ਸੰਚਾਰ ਦਾ ਨਵੀਨਤਮ ਤੇ ਪ੍ਰਭਾਵਸ਼ਾਲੀ ਸਾਧਨ ਹਨ। ਮੁੱਖ ਮੰਤਰੀ ਚੰਨੀ ਨੇ ਕਲਪਨਾ ਕੀਤੀ ਕਿ ਇਹ ਕਦਮ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਵਿਸ਼ਵ ਭਰ ਵਿੱਚ ਪ੍ਰਦਰਸ਼ਿਤ ਕਰਨ ਲਈ ਵਧੇਰੇ ਅਹਿਮ ਸਾਬਤ ਹੋਵੇਗਾ।
ਮੁੱਖ ਮੰਤਰੀ ਨੇ ਇਹ ਗੱਲ ਬੁੱਧਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਪੰਜਾਬੀ ਕਲਾਕਾਰਾਂ, ਗਾਇਕਾਂ, ਸੰਗੀਤਕਾਰਾਂ ਤੇ ਬੈਕਗ੍ਰਾਊਂਡ `ਤੇ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਪੰਜਾਬੀ ਸੱਭਿਆਚਾਰ ਵਿੱਚ ਪਾਏ ਯੋਗਦਾਨ ਸਬੰਧੀ ਸਨਮਾਨਿਤ ਕਰਨ ਲਈ ਕਰਵਾਏ ਗਏ ਐਵਾਰਡ ਸਮਾਰੋਹ ਦੌਰਾਨ ਕਹੀ।
ਪੰਜਾਬੀ ਫਿਲਮ, ਸੰਗੀਤ ਤੇ ਟੈਲੀਵਿਜ਼ਨ ਗਿਲਡ ਸੁਸਾਇਟੀ ਤੇ ਪੰਜਾਬ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਏ ਇਸ ਸ਼ਾਨ-ਏ-ਪੰਜਾਬ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਪੰਜਾਬੀ ਲੋਕ ਗਾਇਕ ਮਰਹੂਮ ਗੁਰਮੀਤ ਬਾਵਾ ਤੇ ਸਰਦੂਲ ਸਿਕੰਦਰ ਨੂੰ ਸ਼ਾਨ-ਏ-ਪੰਜਾਬ ਸ਼ਰਧਾਂਜਲੀ ਪੁਰਸਕਾਰ ਤੇ ਉੱਘੇ ਪੰਜਾਬੀ ਸੰਗੀਤਕਾਰ ਚਰਨਜੀਤ ਆਹੂਜਾ ਤੇ ਪੰਜਾਬੀ ਅਭਿਨੇਤਾ ਗੱਗੂ ਗਿੱਲ ਨੂੰ ਸ਼ਾਨ-ਏ-ਪੰਜਾਬ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਿੱਧੂ ਮੂਸੇਵਾਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਪੰਜਾਬੀ ਫ਼ਿਲਮ ਅਦਾਕਾਰ ਯੋਗਰਾਜ ਸਿੰਘ, ਉਪਾਸਨਾ ਸਿੰਘ, ਸਤਿੰਦਰ ਸੱਤੀ, ਰਣਜੀਤ ਬਾਵਾ, ਮਾਸਟਰ ਸਲੀਮ ਵੀ ਹਾਜ਼ਰ ਰਹੇ। ਇਸ ਮੌਕੇ ਮੁੱਖ ਮੰਤਰੀ ਵੱਲੋਂ ਉੱਘੇ ਪੰਜਾਬੀ ਗਾਇਕ ਗਿੱਪੀ ਗਰੇਵਾਲ, ਸੁਨੰਦਾ ਸ਼ਰਮਾ, ਰਣਜੀਤ ਬਾਵਾ ਤੋਂ ਇਲਾਵਾ ਅਦਾਕਾਰ ਦੇਵ ਖਰੋੜ, ਗਾਇਕ ਗੁਰਲੇਜ ਅਖ਼ਤਰ ਤੇ ਕੁਲਵਿੰਦਰ ਕੈਲੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: WHO on Omicron: ਡਬਲਿਊਐਚਓ ਦੀ ਓਮੀਕਰੋਨ ਬਾਰੇ ਚੇਤਾਵਨੀ ਨਾਲ ਦੁਨੀਆ 'ਚ ਦਹਿਸ਼ਤ, ਵੈਕਸੀਨ ਲਵਾ ਚੁੱਕੇ ਲੋਕ ਵੀ ਨਹੀਂ ਸੁਰੱਖਿਅਤ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin