CM Bhagwant Mann: ਬੇਸ਼ੱਕ ਚੋਣ ਸਰਵੇਖਣ ਕੁਝ ਵੀ ਕਹਿੰਦੇ ਹੋਣ ਪਰ ਆਮ ਆਦਮੀ ਪਾਰਟੀ ਨੂੰ ਗੁਜਰਾਤ ਵਿੱਚ ਆਪਣੀ ਸਰਕਾਰ ਬਣਨ ਦਾ ਪੂਰਾ ਭਰੋਸਾ ਹੈ। ਗੁਜਰਾਤ ਵਿੱਚ ਪੰਜਾਬ ਦੀ ਪੂਰੀ ਲੀਡਰਸ਼ਿਪ ਨੇ ਡੇਰੇ ਲਾ ਕੇ ਚੋਣ ਪ੍ਰਚਾਰ ਕੀਤਾ। ਗੁਜਰਾਤ ਵਿੱਚ ਚੋਣ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸਥਾਨਕ ਵਾਸੀਆਂ ਦੇ ਚਿਹਰਿਆਂ 'ਤੇ ਨਵਾਂ ਜੋਸ਼ ਤੇ ਜਨੂੰਨ ਵੇਖਣ ਨੂੰ ਮਿਲਿਆ ਹੈ। ਪੰਜਾਬ ਵਾਂਗ ਗੁਜਰਾਤ 'ਚ ਵੀ ਗੁਜਰਾਤੀ ਪੁਰਾਣੀਆਂ ਪਾਰਟੀਆਂ ਨੂੰ ਗੁਜਰਾਤ ਦੀ ਰਾਜਨੀਤੀ 'ਚੋਂ ਉਖੇੜਨ ਦਾ ਮਨ ਬਣਾ ਚੁੱਕੇ ਹਨ। ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ।

 



ਦੱਸ ਦਈਏ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਅੰਤਿਮ ਗੇੜ ਲਈ ਪ੍ਰਚਾਰ ਕੱਲ੍ਹ ਸ਼ਾਮ ਪੰਜ ਵਜੇ ਬੰਦ ਹੋ ਗਿਆ ਹੈ। ਸੂਬੇ ਦੀਆਂ 93 ਸੀਟਾਂ ਲਈ 833 ਉਮੀਦਵਾਰ ਮੈਦਾਨ ’ਚ ਹਨ ਜਿਨ੍ਹਾਂ ’ਤੇ 5 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।

ਪਹਿਲੇ ਗੇੜ ’ਚ ਸੌਰਾਸ਼ਟਰ, ਕੱਛ ਤੇ ਦੱਖਣੀ ਗੁਜਰਾਤ ਦੀਆਂ 89 ਸੀਟਾਂ ’ਤੇ ਔਸਤਨ 63.31 ਫ਼ੀਸਦ ਵੋਟਿੰਗ ਹੋਈ ਸੀ ਜੋ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਘੱਟ ਸੀ। ਅਹਿਮਦਾਬਾਦ, ਵਡੋਦਰਾ ਤੇ ਗਾਂਧੀਨਗਰ ਸਮੇਤ ਉੱਤਰੀ ਤੇ ਮੱਧ ਗੁਜਰਾਤ ਦੇ 14 ਜ਼ਿਲ੍ਹਿਆਂ ’ਚ 93 ਸੀਟਾਂ ’ਤੇ ਸੋਮਵਾਰ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਹਲਕਿਆਂ ’ਚ 2.54 ਕਰੋੜ ਵੋਟਰ ਹਨ। ਪੋਲਿੰਗ ਲਈ 26,409 ਬੂਥ ਬਣਾਏ ਗਏ ਹਨ ਜਿਨ੍ਹਾਂ ’ਤੇ ਕਰੀਬ 36 ਹਜ਼ਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ।

ਹੁਕਮਰਾਨ ਭਾਜਪਾ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਸਖ਼ਤ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਕੁਝ ਥਾਵਾਂ ਉਪਰ ਬਾਗ਼ੀ ਵੀ ਭਗਵਾ ਪਾਰਟੀ ਦੇ ਉਮੀਦਵਾਰਾਂ ਦੀ ਖੇਡ ਵਿਗਾੜ ਰਹੇ ਹਨ। ਭਾਜਪਾ ਦੇ ਵਾਗੋਡੀਆ ਤੋਂ ਮੌਜੂਦਾ ਵਿਧਾਇਕ ਮਧੂ ਸ੍ਰੀਵਾਸਤਵ ਦੀ ਟਿਕਟ ਕੱਟੇ ਜਾਣ ਮਗਰੋਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਭਾਜਪਾ ਦੇ ਸਾਬਕਾ ਵਿਧਾਇਕ ਦੀਨੂ ਸੋਲੰਕੀ, ਧਵਲਸਿੰਹ ਜ਼ਾਲਾ ਤੇ ਹਰਸ਼ਦ ਵਸਾਵਾ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ’ਚ ਦੋ ਰੋਡ ਸ਼ੋਅ ਸਮੇਤ ਪਹਿਲੀ ਤੇ 2 ਦਸੰਬਰ ਨੂੰ ਭਾਜਪਾ ਲਈ ਤਾਬੜਤੋੜ ਪ੍ਰਚਾਰ ਕੀਤਾ। ਉਨ੍ਹਾਂ ਪੰਚਮਹਿਲ, ਛੋਟਾਉਦੈਪੁਰ, ਸਾਬਰਕਾਂਠਾ, ਬਨਾਸਕਾਂਠਾ, ਪਾਟਨ, ਆਨੰਦ ਤੇ ਅਹਿਮਦਾਬਾਦ ਜ਼ਿਲ੍ਹਿਆਂ ’ਚ ਸੱਤ ਰੈਲੀਆਂ ਵੀ ਕੀਤੀਆਂ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਹਿਮਦਾਬਾਦ ਤੇ ਵਾਗੋਡੀਆ ’ਚ ਰੈਲੀਆਂ ਨੂੰ ਸੰਬੋਧਨ ਕੀਤਾ। ‘ਆਪ’ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਕੱਢੇ ਤੇ ਰੈਲੀਆਂ ਨੂੰ ਸੰਬੋਧਨ ਕੀਤਾ।