ਜਲੰਧਰ: ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਕਾਫੀ ਪਿੰਡਾਂ ਨੂੰ ਛੇਤੀ ਰਾਹਤ ਮਿਲਣ ਦੀ ਆਸ ਨਹੀਂ ਹੈ। ਸਤਲੁਜ ਦਰਿਆ ਵਿੱਚ 14 ਥਾਂ ਪਾੜ ਪਿਆ ਹੋਇਆ ਹੈ, ਜਿਸ ਤੋਂ ਪਾਣੀ ਲਗਾਤਾਰ ਲਾਗਲੇ ਪਿੰਡਾਂ ਵਿੱਚ ਦਾਖ਼ਲ ਹੋ ਰਿਹਾ ਹੈ। ਹੁਣ ਮੋਰਚਾ ਫ਼ੌਜ ਨੇ ਸੰਭਾਲਿਆ ਹੈ ਤੇ ਪਾੜ ਪੂਰਨ ਨੂੰ ਦੋ ਹਫ਼ਤੇ ਤਕ ਦਾ ਸਮਾਂ ਲੱਗ ਸਕਦਾ ਹੈ। ਲੰਮਾਂ ਸਮਾਂ ਰਾਹਤ ਕਾਰਜ ਚੱਲਣ ਦੀ ਸੂਰਤ ਵਿੱਚ ਸੂਬੇ ਦੀ ਪਤਲੀ ਆਰਥਿਕ ਹਾਲਤ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਦੇਣ ਦੀ ਅਪੀਲ ਕੀਤੀ ਹੈ।


ਸਤਲੁਜ ਤੋਂ ਆਏ ਹੜ੍ਹ ਦੇ ਪਾਣੀ ਨੇ ਜਲੰਧਰ ਜ਼ਿਲ੍ਹੇ ਦੇ ਲੋਹੀਆਂ ਇਲਾਕੇ ਵਿੱਚ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਹਨ। ਤਿੰਨ-ਤਿੰਨ ਮੰਜ਼ਿਲ ਦੀਆਂ ਕੋਠੀਆਂ, ਸਕੂਲ ਅਤੇ ਘਰ ਸਭ ਪਾਣੀ ਵਿੱਚ ਡੁੱਬ ਗਏ ਹਨ। 'ਏਬੀਪੀ ਸਾਂਝਾ' ਦੀ ਟੀਮ ਸਤਲੁਜ ਦਰਿਆ ਵਿੱਚ ਡੁੱਬੇ ਉਨਾਂ ਪਿੰਡਾਂ ਤਕ ਗਈ ਜਿੱਥੇ ਪ੍ਰਸ਼ਾਸਨ ਵੀ ਨਹੀਂ ਪਹੁੰਚ ਸਕਿਆ। ਇੱਥੇ ਹਾਲਾਤ ਹੈਰਾਨ ਕਰ ਦੇਣ ਵਾਲੇ ਹਨ।


ਪਿੰਡ ਜਾਣੀਆ ਨੇੜਿਓਂ ਲੰਘਦੇ ਸਤਲੁਜ ਦਰਿਆ ਵਿੱਚ ਪਏ ਪਾੜ ਦਾ ਮੰਜ਼ਰ ਹੈਰਾਨ ਕਰਨ ਵਾਲਾ ਹੈ। ਇਸ ਇਲਾਕੇ ਵਿੱਚ 500 ਫੁੱਟ ਦਾ ਸਭ ਤੋਂ ਵੱਡਾ ਪਾੜ ਹੈ। ਇੱਥੇ ਕੰਮ ਕਰ ਰਹੇ ਫ਼ੌਜ ਦੇ ਮੇਜਰ ਐਮਪੀ ਸਿੰਘ ਮੁਤਾਬਕ ਇਸ ਪਾੜ ਨੂੰ ਭਰਨ ਲਈ ਦੋ ਹਫ਼ਤੇ ਦਾ ਸਮਾਂ ਹੋਰ ਲੱਗ ਸਕਦਾ ਹੈ।


ਬੰਨ ਟੁੱਟਣ ਨਾਲ ਜਾਣੀਆਂ ਪਿੰਡ ਹੀ ਸਭ ਤੋਂ ਪਹਿਲਾਂ ਇਸ ਦੀ ਮਾਰ ਹੇਠਾਂ ਆਇਆ। ਇੱਥੋਂ ਦੇ ਸਰਪੰਚ ਗੁਰਮੇਲ ਸਿੰਘ ਇਸ ਲਈ ਪ੍ਰਸ਼ਾਸਨ ਨੂੰ ਵੀ ਦੋਸ਼ ਦਿੰਦੇ ਹਨ। ਉਨ੍ਹਾਂ ਮੁਤਾਬਕ ਇਸ ਤਬਾਹੀ ਨੂੰ ਰੋਕਿਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਖਾਣ-ਪੀਣ ਦੀਆਂ ਚੀਜ਼ਾਂ ਦੀ ਉਡੀਕ ਕਰ ਰਹੇ ਹਨ। ਬਹੁਤੇ ਥਾਵਾਂ 'ਤੇ ਪ੍ਰਸ਼ਾਸਨ ਦੀ ਰਾਹਤ ਨਹੀਂ ਪਹੁੰਚ ਰਹੀ ਅਤੇ ਲੋਕ ਮਦਦ ਲਈ ਲਗਾਤਾਰ ਤਰਸ ਰਹੇ ਹਨ। ਪੰਜਾਬ ਸਰਕਾਰ ਮੁਤਾਬਕ ਸੂਬੇ ਵਿੱਚ ਹੜ੍ਹਾਂ ਕਾਰਨ 1,700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੰਜਾਬ ਲਈ 1,000 ਕਰੋੜ ਦੀ ਫੌਰੀ ਮਦਦ ਦੇਣ ਲਈ ਚਿੱਠੀ ਵੀ ਲਿਖੀ ਹੈ, ਪਰ ਹਾਲੇ ਤਕ ਕੇਂਦਰ ਨੇ ਕੋਈ ਬਾਂਹ ਨਹੀਂ ਫੜਾਈ। ਹੁਣ ਕੈਪਟਨ ਨੇ ਕੇਂਦਰ 'ਤੇ ਬੇਰੁਖ਼ੀ ਦਾ ਦੋਸ਼ ਲਾਉਂਦਿਆਂ ਪੰਜਾਬੀਆਂ ਨੂੰ ਹੀ ਮਦਦ ਲਈ ਅਪੀਲ ਕੀਤੀ ਹੈ।