ਰਵੀ ਇੰਦਰ ਸਿੰਘ 

ਚੰਡੀਗੜ੍ਹ: ਆਪਣੇ ਫ਼ੌਜੀ ਤਜ਼ਰਬੇ ਦੀ ਵਰਤੋਂ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਸਿੱਟਾ ਕੱਢਿਆ ਹੈ ਕਿ ਕਰਤਾਰਪੁਰ ਸਾਹਿਬ ਗਲਿਆਰੇ ਪਿੱਛੇ ਪਾਕਿਸਤਾਨੀ ਫ਼ੌਜ ਦੀ ਡੂੰਘੀ ਦਹਿਸ਼ਤੀ ਸਾਜ਼ਿਸ਼ ਹੈ, ਜੋ ਉਹ ਭਾਰਤ ਵਿਰੁੱਧ ਚਲਾ ਰਹੀ ਹੈ। ਕੈਪਟਨ ਨੇ ਆਪਣੇ ਇਸ ਬਿਆਨ ਨਾਲ ਵਜ਼ੀਰ ਨਵਜੋਤ ਸਿੱਧੂ ਉੱਪਰ ਵੀ ਅਸਿੱਧਾ ਨਿਸ਼ਾਨਾ ਲਾਇਆ।


ਮੁੱਖ ਮੰਤਰੀ ਦਫ਼ਤਰ ਵੱਲੋਂ ਬਾਕਾਇਦਾ ਪ੍ਰੈੱਸ ਬਿਆਨ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਗਲਿਆਰੇ ਬਾਰੇ ਨਵਜੋਤ ਸਿੰਘ ਸਿੱਧੂ ਨਾਲ ਪਾਕਿਸਤਾਨ ਫ਼ੌਜ ਦੇ ਮੁਖੀ ਨੇ ਹੀ ਗੱਲਬਾਤ ਕੀਤੀ ਸੀ, ਉਹ ਵੀ ਉਦੋਂ ਜਦ ਉੱਥੇ ਨਵੀਂ ਸਰਕਾਰ ਦਾ ਗਠਨ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਪਾਕਿ ਫ਼ੌਜ ਇਸ ਲਾਂਘੇ ਦੀ ਓਟ ਵਿੱਚ ਕੋਈ ਵੱਡੀ ਸਾਜ਼ਿਸ਼ ਘੜ ਚੁੱਕੀ ਹੈ ਤਾਂ ਜੋ ਪੰਜਾਬ ਵਿੱਚ ਅੱਤਵਾਦ ਮੁੜ ਤੋਂ ਸੁਰਜੀਤ ਕੀਤਾ ਜਾ ਸਕੇ। ਉਨ੍ਹਾਂ ਇਸ ਮਸਲੇ ਉੱਪਰ ਪਾਕਿਸਤਾਨ ਦੀ ਪਹਿਲਕਦਮੀ ਤੋਂ ਸੁਚੇਤ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਉਨ੍ਹਾਂ ਦੇ ਅਜਿਹੇ ਕਦਮਾਂ ਤੋਂ ਸਾਵਧਾਨ ਹੋ ਜਾਣਾ ਚਾਹੀਦਾ ਹੈ, ਬੇਸ਼ੱਕ ਉਹ ਕਿੰਨੇ ਹੀ ਵੱਡੇ ਤੇ ਨੇਕ ਕਿਉਂ ਨਾ ਜਾਪਦੇ ਹੋਣ।

ਕੈਪਟਨ ਨੇ ਨਵਜੋਤ ਸਿੱਧੂ ਦੇ ਮੋਢੇ 'ਤੇ ਰੱਖ ਕੇ ਅਕਾਲੀਆਂ ਉੱਪਰ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਸਿੱਧੂ ਦੇ ਮਾਮਲੇ ਨੂੰ ਗ਼ਲਤ ਤਰੀਕੇ ਨਾਲ ਚੁੱਕਿਆ ਗਿਆ ਤੇ ਜਿਨ੍ਹਾਂ ਨੇ ਇਹ ਕੀਤਾ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਦੀ ਯੋਜਨਾ ਨੂੰ ਨਹੀਂ ਸਮਝ ਰਹੇ ਹਨ। ਉਨ੍ਹਾਂ ਕਿਹਾ ਕਿ ਆਈਐਸਆਈ ਦੀ ਸਾਜ਼ਿਸ਼ 'ਤੇ ਗੰਭੀਰ ਹੋਣ ਦੀ ਬਜਾਏ ਅਕਾਲੀ ਤੇ ਕੇਂਦਰ ਵਿੱਚ ਭਾਜਪਾਈ ਲੋਕਾਂ ਦਾ ਧਿਆਨ ਇਸ ਤੋਂ ਹਟਾਉਣ ਲਈ ਉਨ੍ਹਾਂ ਦੇ ਨਵਜੋਤ ਸਿੱਧੂ ਨਾਲ ਰਿਸ਼ਤੇ ਨੂੰ ਖ਼ਾਹ-ਮ-ਖ਼ਾਹ ਘੜੀਸ ਰਹੇ ਹਨ।

ਨਵਜੋਤ ਸਿੱਧੂ ਬਾਰੇ ਬੋਲਦਿਆਂ ਵੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਚੰਗਾ ਤੇ ਨੇਕ ਇਨਸਾਨ ਹੈ ਅਤੇ ਰਾਹੁਲ ਤੇ ਉਨ੍ਹਾਂ ਵਿੱਚੋਂ ਕੈਪਟਨ ਮੰਨਣ ਬਾਰੇ ਵੀ ਕੋਈ ਵਿਵਾਦ ਨਹੀਂ ਹੈ। ਉਹ ਹਮੇਸ਼ਾ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਦੇ ਹਨ ਤੇ ਪਿਤਾ ਸਮਾਨ ਸਮਝਦੇ ਤੇ ਵਰਤਦੇ ਹਨ। ਕੈਪਟਨ ਨੇ ਕਿਹਾ ਕਿ ਪ੍ਰੇਸ਼ਾਨੀ ਇਹੋ ਹੈ ਕਿ ਕਈ ਵਾਰ ਸਿੱਧੂ ਤੋਲਣ ਤੋਂ ਪਹਿਲਾਂ ਹੀ ਬੋਲ ਜਾਂਦੇ ਹਨ। ਉਨ੍ਹਾਂ ਸਿੱਧੂ ਦੇ ਪਾਕਿਸਤਾਨ ਜਾਣ ਨੂੰ ਜਾਇਜ਼ ਕਰਾਰ ਦੇਣ ਦੇ ਨਾਲ ਨਾਲ ਆਪਣੇ ਉੱਧਰ ਨਾ ਜਾਣ ਦੇ ਫੈਸਲੇ ਬਾਰੇ ਪੁਰਾਣੇ ਸਟੈਂਡ ਨੂੰ ਹੀ ਦੁਹਰਾਇਆ।

ਕੈਪਟਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਉੱਪਰ ਕੋਈ ਸਵਾਲ ਨਾ ਚੁੱਕਦਿਆਂ ਸਾਰਾ ਠੀਕਰਾ ਪਾਕਿ ਫ਼ੌਜ ਮੁਖੀ ਸਿਰ ਭੰਨ੍ਹਦਿਆਂ ਕਿਹਾ ਕਿ ਜਨਰਲ ਬਾਜਵਾ ਦੀ ਫ਼ੌਜ ਨਾਲ ਮੱਥਾ ਲਾਉਣ ਲਈ ਉਨ੍ਹਾਂ ਦੀ ਪੰਜਾਬ ਪੁਲਿਸ ਬੇਹੱਦ ਸਮਰੱਥ ਹੈ। ਉਨ੍ਹਾਂ 1980ਵੇਂ ਦੇ ਅੱਤਵਾਦ ਦੇ ਦੌਰ ਸਮੇਂ ਦੀ ਪੰਜਾਬ ਪੁਲਿਸ ਨਾਲ ਅੱਜ ਦੀ ਤੁਲਨਾ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਹੁਣ ਉਨ੍ਹਾਂ ਦੀ ਫੋਰਸ ਆਧੁਨਿਕ ਹਥਿਆਰਾਂ ਨਾਲ ਲੈਸ ਹੈ ਅਤੇ ਕਮਾਂਡੋ ਬਟਾਲੀਅਨ ਕੋਈ ਵੀ ਚੁਣੌਤੀ ਸਵੀਕਾਰ ਕਰਨ ਲਈ ਤਿਆਰ ਹੈ। ਕੈਪਟਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਨੇ 19 ਆਈਐਸਆਈ ਆਧਾਰਤ ਦਹਿਸ਼ਤੀ ਕਾਰਵਾਈਆਂ ਦੀ ਖੁੰਭ ਠੱਪੀ ਹੈ ਅਤੇ 81 ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਮੁੱਖ ਮੰਤਰੀ ਨੇ ਸਿੱਖਸ ਫਾਰ ਜਸਟਿਸ ਉੱਪਰ ਵਰ੍ਹਦਿਆਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਰੈਫ਼ਰੰਡਮ 2020 ਦੇ ਸੱਦੇ ਨੂੰ ਪੰਜਾਬ ਵਿੱਚੋਂ ਕੋਈ ਵੀ ਹੁੰਗਾਰਾ ਨਹੀਂ ਮਿਲੇਗਾ। ਉਨ੍ਹਾਂ ਐਸਐਫਜੇ ਵੱਲੋਂ ਕਰਤਾਰਪੁਰ ਲਾਂਘੇ ਨੂੰ ਪਾਕਿਸਤਾਨ ਦਾ ਤੋਹਫ਼ਾ ਦੱਸਣ ਵਾਲੇ ਬਿਆਨ ਦਾ ਪੰਜਾਬ ਵਿੱਚ ਕੋਈ ਵਜੂਦ ਨਾ ਹੋਣਾ ਦੱਸਿਆ।