ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅੰਮ੍ਰਿਤਸਰ ਪਹੁੰਚ ਗਏ ਹਨ। ਖਰਾਬ ਮੌਸਮ ਕਾਰਨ ਉਹ ਦੇਰੀ ਨਾਲ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਸਵੇਰੇ 9.30 ਵਜੇ ਅੰਮ੍ਰਿਤਸਰ ਪਹੁੰਚਣਾ ਸੀ ਪਰ ਉਨ੍ਹਾਂ ਦੀ ਵਿਸ਼ੇਸ਼ ਉਡਾਣ ਕਾਫੀ ਦੇਰੀ ਨਾਲ ਅੰਮ੍ਰਿਤਸਰ ਪਹੁੰਚੀ। ਸੰਘਣੀ ਧੁੰਦ ਕਾਰਨ ਉਹ ਤਿੰਨ ਘੰਟੇ ਦੇਰ ਨਾਲ ਪੁੱਜੇ। ਇੱਥੇ ਪਹੁੰਚਣ ਤੋਂ ਬਾਅਦ ਰਾਹੁਲ ਆਪਣੇ ਉਮੀਦਵਾਰਾਂ ਨਾਲ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਇਸ ਤੋਂ ਬਾਅਦ ਉਹ ਸ਼੍ਰੀ ਦੁਰਗਿਆਣਾ ਮੰਦਰ ਤੇ ਭਗਵਾਨ ਵਾਲਮੀਕਿ ਤੀਰਥ ਵਿਖੇ ਮੱਥਾ ਟੇਕਣਗੇ।
ਕਾਂਗਰਸੀ ਆਗੂ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ ਕਾਂਗਰਸ ਦੇ ਉਮੀਦਵਾਰ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਸਾਰੇ ਇੱਥੇ ਜਿੱਤ ਦੀ ਅਰਦਾਸ ਕਰਨ ਲਈ ਆਏ। ਇਸ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੇ ਸ੍ਰੀ ਗਾਂਧੀ ਨੂੰ ਹਵਾਈ ਅੱਡੇ ’ਤੇ ਜੀ ਆਇਆਂ ਆਖਿਆ। ਰਾਹੁਲ ਗਾਂਧੀ ਨੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਾਈ ਤੇ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਲਈ ਗਏ। ਪਰਿਕਰਮਾਂ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਹੱਥ ਵੀ ਜੋੜੇ।
ਇਸ ਤੋਂ ਬਾਅਦ ਰਾਹੁਲ ਗਾਂਧੀ ਜਲੰਧਰ ਲਈ ਰਵਾਨਾ ਹੋਣਗੇ। ਜਲੰਧਰ ਦੇ ਮਿੱਠਾਪੁਰ ਤੋਂ 3.30 ਤੋਂ 4.30 ਵਜੇ ਤੱਕ 'ਪੰਜਾਬ ਫਤਿਹ' ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ। ਕੋਰੋਨਾ ਕਾਰਨ ਰੈਲੀਆਂ 'ਤੇ ਲੱਗੀ ਰੋਕ ਕਾਰਨ ਰਾਹੁਲ ਇਸ ਰੈਲੀ ਰਾਹੀਂ ਪੰਜਾਬ 'ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਜਲੰਧਰ ਤੋਂ ਉਹ ਆਦਮਪੁਰ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣਗੇ।
ਅਹਿਮ ਗੱਲ ਹੈ ਕਿ ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਪੰਜਾਬ 'ਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ 'ਤੇ ਟਿਕੀਆਂ ਹੋਈਆਂ ਹਨ। ਕਾਂਗਰਸੀਆਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਵੀ ਇਸ ਨੂੰ ਲੈ ਕੇ ਚੌਕਸ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੌਜੂਦਾ ਸੀਐਮ ਚਰਨਜੀਤ ਚੰਨੀ ਵਿੱਚ ਸੀਐਮ ਚਿਹਰੇ ਨੂੰ ਲੈ ਕੇ ਜੰਗ ਜਾਰੀ ਹੈ। ਇਸ ਕਾਰਨ ਕਾਂਗਰਸ ਧੜੇਬੰਦੀ ਵਿੱਚ ਵੰਡੀ ਹੋਈ ਹੈ।
ਅਜਿਹੇ 'ਚ ਕਾਂਗਰਸੀ ਲੀਡਰ ਵੀ ਚਾਹੁੰਦੇ ਹਨ ਕਿ ਸੀਐਮ ਦੇ ਚਿਹਰੇ 'ਤੇ ਸਥਿਤੀ ਸਪੱਸ਼ਟ ਹੋਵੇ ਤਾਂ ਜੋ ਚੋਣ ਕਿਸੇ ਇੱਕ ਦੀ ਅਗਵਾਈ 'ਚ ਹੀ ਲੜੀ ਜਾ ਸਕੇ। ਹਾਲਾਂਕਿ ਕਾਂਗਰਸ ਹਾਈਕਮਾਂਡ ਨੇ ਪਹਿਲਾਂ ਕਿਹਾ ਹੈ ਕਿ ਉਹ ਚੰਨੀ, ਸਿੱਧੂ ਤੇ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਂਝੀ ਅਗਵਾਈ ਹੇਠ ਚੋਣ ਲੜੇਗੀ।
ਦੱਸ ਦਈਏ ਕਿ ਰਾਹੁਲ ਗਾਂਧੀ ਸਾਰੇ 117 ਉਮੀਦਵਾਰਾਂ ਨਾਲ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣਾ ਹੈ। ਹਾਲਾਂਕਿ ਪੰਜਾਬ 'ਚ ਕਾਂਗਰਸ ਨੇ ਹੁਣ ਤੱਕ 117 'ਚੋਂ ਸਿਰਫ 109 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਅਜਿਹੇ 'ਚ ਬਾਕੀ 8 ਉਮੀਦਵਾਰਾਂ ਦਾ ਐਲਾਨ ਬਾਕੀ ਹੈ।
ਇਹ ਵੀ ਪੜ੍ਹੋ: Trending News: ਸਪੈਮ ਮੇਲ ਨੇ ਬਦਲ ਦਿੱਤੀ ਔਰਤ ਦੀ ਕਿਸਮਤ, ਮਿੰਟਾਂ ਵਿੱਚ ਬਣ ਗਈ ਕਰੋੜਪਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin