ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ ਵਿਚਾਲੇ ਹੁਣ ਇੱਕ ਵਾਇਰਲ ਆਡੀਓ ਨੇ ਹਲਚਲ ਮਚਾ ਦਿੱਤੀ ਹੈ। ਇਹ ਆਡੀਓ ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਅਧਿਆਪਕ ਯੂਨੀਅਨ ਦੇ ਨੁਮਾਇੰਦੇ ਵਿਚਕਾਰ ਹੋਈ ਕਾਲ ਰਿਕਾਰਡਿੰਗ ਦੀ ਹੈ। ਇਸ ਵਿੱਚ ਤਨਖਾਹ ਵਾਧੇ ਦਾ ਫੈਸਲਾ ਲਾਗੂ ਨਾ ਹੋਣ 'ਤੇ ਮੰਤਰੀ ਆਸ਼ੂ ਕਹਿ ਰਹੇ ਹਨ ਕਿ ਮਨਪ੍ਰੀਤ ਸਾਡੀ ਬਦਨਾਮੀ ਕਰਵਾ ਰਿਹਾ ਹੈ। ਹਾਲਾਂਕਿ ਏਬੀਪੀ ਸਾਂਝਾ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ।

ਕੱਚੇ ਅਧਿਆਪਕ ਯੂਨੀਅਨ ਦੇ ਨਿਸ਼ਾਂਤ ਨੇ ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਫ਼ੋਨ ਕੀਤਾ। ਨਿਸ਼ਾਂਤ ਨੇ ਕਿਹਾ ਕਿ ਤੁਸੀਂ ਵਿੱਤ ਮੰਤਰੀ ਨੂੰ ਵੀ ਤਨਖਾਹ ਵਧਾਉਣ ਦੀ ਅਪੀਲ ਕੀਤੀ ਸੀ ਜਿਸ ਵਿੱਚ ਤਨਖਾਹ ਵਿੱਚ 6600 ਰੁਪਏ ਦਾ ਵਾਧਾ ਕੀਤਾ ਗਿਆ ਸੀ ਜਿਸ 'ਤੇ ਆਸ਼ੂ ਨੇ ਹਾਮੀ ਭਰੀ। ਆਸ਼ੂ ਨੇ ਕਿਹਾ ਕਿ ਮੈਂ ਵਿੱਤ ਮੰਤਰੀ ਨੂੰ ਫਿਰ ਕਹਿੰਦਾ ਹਾਂ। ਇਸ ਤੋਂ ਬਾਅਦ ਆਸ਼ੂ ਨੇ ਕਿਹਾ ਕਿ ਉਹ ਸਾਡੀ ਬਦਨਾਮੀ ਕਰਵਾਉਣ 'ਤੇ ਤੁਲੇ ਹੋਏ ਹਨ। ਮੈਂ ਇਸ ਨੂੰ ਦੁਬਾਰਾ ਕਹਿੰਦਾ ਹਾਂ।

ਯੂਨੀਅਨ ਦੇ ਨੁਮਾਇੰਦੇ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਕਾਂਗਰਸ ਨੂੰ ਵੋਟ ਦਿੰਦੇ ਹਾਂ। ਹੁਣ ਜੇ ਕੋਈ ਕਾਂਗਰਸ ਦੀ ਮੰਜੀ ਠੋਕੇਗਾ ਤਾਂ ਉਹ ਮਨਪ੍ਰੀਤ ਠੋਕਣਗੇ। ਇਸ 'ਤੇ ਆਸ਼ੂ ਨੇ ਕਿਹਾ ਕਿ ਮਨਪ੍ਰੀਤ ਦੀ ਮੰਜੀ ਠੋਕੋ, ਕਾਂਗਰਸ ਦੀ ਕਿਉਂ ਠੋਕਦੇ ਹੋ। ਮੇਰੇ ਜਿਹੇ 6 ਫੋਨ ਕਰਦੇ ਹੋਣਗੇ ਮਨਪ੍ਰੀਤ ਨੂੰ। ਇਸ 'ਤੇ ਆਸ਼ੂ ਨੇ ਕਿਹਾ ਕਿ ਉਹ ਮਨਪ੍ਰੀਤ ਨਾਲ ਸਖ਼ਤੀ ਨਾਲ ਗੱਲ ਕਰਨਗੇ। ਇਸ ਦੇ ਬਾਰੇ ਚੰਨੀ (CM ਚਰਨਜੀਤ ਚੰਨੀ) ਨੂੰ ਵੀ ਕਹਿਣਗੇ।

ਮਨਪ੍ਰੀਤ ਬਾਦਲ ਪੰਜਾਬ ਸਰਕਾਰ ਵਿੱਚ ਵਿੱਤ ਮੰਤਰੀ ਹਨ। ਇਸ ਤੋਂ ਪਹਿਲਾਂ ਉਹ ਅਕਾਲੀ ਸਰਕਾਰ ਦੌਰਾਨ ਵਿੱਤ ਮੰਤਰੀ ਸਨ। ਫਿਰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਵਿੱਤ ਮੰਤਰਾਲਾ ਦਿੱਤਾ ਗਿਆ। ਇੱਥੋਂ ਤੱਕ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੂੰ ਮੁੜ ਵਿੱਤ ਮੰਤਰੀ ਬਣਾ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਖਜ਼ਾਨਾ ਖਾਲੀ ਹੋਣ ਦੀ ਗੱਲ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਹਾਲ ਹੀ 'ਚ CM ਚਰਨਜੀਤ ਚੰਨੀ ਨੇ ਕਰੋੜਾਂ ਦੇ ਗੱਫੇ ਵੰਡੇ, ਫਿਰ ਵੀ ਸਵਾਲ ਉੱਠਿਆ ਕਿ ਖਜ਼ਾਨਾ ਤਾਂ ਖਾਲੀ ਹੈ।