ਪੇਸ਼ਕਸ਼: ਰਮਨਦੀਪ ਕੌਰ


ਝੂੰਮਰ: ਪੰਜਾਬ ਦੇ ਲੋਕ-ਨਾਚ ਦੀ ਗੱਲ ਕਰਦਿਆਂ ਝੂੰਮਰ ਦਾ ਜ਼ਿਕਰ ਤਾਂ ਆਉਂਦਾ ਹੀ ਹੈ। ਪ੍ਰਸਿੱਧ ਲੋਕ-ਨਾਚ ਝੂੰਮਰ ਪੱਛਮੀ ਪੰਜਾਬ ਦੇ ਸਾਂਦਲ ਬਾਰ ਦੇ ਲੋਕਾਂ ਦਾ ਹਰਮਨ ਪਿਆਰਾ ਨਾਚ ਹੈ। ‘ਇਸ ਵਿੱਚ ਸ਼ੇਖੂਪੁਰਾ, ਲਾਇਲਪੁਰ, ਮਿੰਟਗੁਮਰੀ ਤੇ ਝੰਗ ਦੇ ਇਲਾਕੇ ਸ਼ਾਮਿਲ ਹਨ। ਝੂਮ-ਝੂਮ ਕੇ ਨੱਚਣ ਕਾਰਨ ਇਸ ਦਾ ਨਾਂ ਝੂੰਮਰ ਪੈ ਗਿਆ।


ਬਾਰ ਦੇ ਲੋਕਾਂ ਦੇ ਲੋਕਾਂ ਵੱਲੋਂ ਚੜ੍ਹਦੇ ਪੰਜਾਬ ਵਿੱਚ ਆ ਕੇ ਵੱਸਣ ਤੋਂ ਬਾਅਦ ਇਹ ਲੋਕ-ਨਾਚ ਚੜ੍ਹਦੇ ਪੰਜਾਬ (ਭਾਰਤ) 'ਚ ਵੀ ਪ੍ਰਸਿੱਧ ਹੋ ਗਿਆ। ਇਹ ਨਾਚ ਸਮੂਹਿਕ ਰੂਪ ਵਿੱਚ ਕਿਸੇ ਖੁਲ੍ਹੀ ਥਾਂ, ਘੇਰੇ ਦੇ ਅਕਾਰ ਵਿੱਚ ਲੋਕ ਬੋਲੀਆਂ, ਲੋਕ ਗੀਤਾਂ ਤੇ ਢੋਲ ਦੀ ਤਾਲ 'ਤੇ ਨੱਚਿਆ ਜਾਂਦਾ ਹੈ।


ਝੂੰਮਰੀ ਢੋਲ ਦੇ ਦੁਆਲੇ ਘੇਰੇ ਵਿੱਚ ਖਲੋ ਜਾਂਦੇ ਹਨ। ਇੱਕ ਕਦਮ ਦਾਇਰੇ ਵੱਲ ਵਧਾ ਕੇ ਖੱਬਿਓਂ ਸੱਜੇ ਸੱਜਿਓਂ ਖੱਬੇ ਪਿਛਾਂਹ ਵੱਲ ਘੁੰਮਾਉਂਦੇ ਹਨ। ਉਪਰੰਤ ਪੂਰਾ ਘੁੰਮ ਜਾਂਦੇ ਹਨ। ਨਾਲ-ਨਾਲ ਛੂਹ ਛਾਹ ਦੀਆਂ ਆਵਾਜ਼ਾਂ ਕੱਢਦੇ ਹਨ ਤੇ ਅਦਾਕਾਰੀ ਵੀ ਕਰਦੇ ਹਨ। ਹੱਥਾਂ ਦੀਆਂ ਦੋਵੇਂ ਮੁੱਠੀਆਂ ਮੀਟ ਕੇ ਛਾਤੀ ਅੱਗੇ ਰੱਖ ਕੇ ਝਟਕਾ ਮਾਰਦੇ ਹਨ। ਨਾਲ-ਨਾਲ ਗੀਤ ਵੀ ਗਾਉਂਦੇ ਹਨ।


ਢੋਲਚੀ ਦੇ ਬਦਲਦੇ ਤਾਲਾਂ ਨਾਲ ਝੂੰਮਰੀਆਂ ਦੇ ਨਾਚ ਦੀ ਗਤੀ ਵੀ ਬਦਲਦੀ ਰਹਿੰਦੀ ਹੈ। ਇਹ ਤਾਲ ਸ਼ੁਰੂ ਵਿੱਚ ਧੀਮਾ ਫਿਰ ਤੇਜ਼ ਤੇ ਅਖੀਰ ਵਿੱਚ ਬਹੁਤ ਤੇਜ਼ ਹੋ ਜਾਂਦਾ ਹੈ। ਝੂੰਮਰ ਪਾਉਂਦਿਆਂ ਗਾਏ ਜਾਣ ਵਾਲੇ ਢੋਲਿਆਂ/ਗੀਤਾਂ ਦੇ ਬੋਲ ਇਸ ਤਰ੍ਹਾਂ ਹਨ:


'ਭਾਂਵੇ ਜਾਣੇ, ਭਾਂਵੇ ਨਾ ਜਾਣੇ, ਤੇ ਮੇਰਾ ਢੋਲ ਜਵਾਨੀਆਂ ਮਾਣੇ।'


ਵੇ ਮੈਂ ਪਾਣੀ ਭਰੇਨੀਆਂ ਚਿੱਕ ਦਾ, ਮੇਰਾ ਢੋਲ ਪਰਦੇਸੀ ਨਿੱਤ ਦਾ।'


'ਵੇ ਮੈਂ ਪਾਣੀ ਭਰੇਨੀ ਆਂ ਪੱਤਣੋ, ਭੈੜੇ ਨੈਣ ਨਾ ਰਹਿੰਦੇ ਤੱਕਣੋਂ।'


ਝੂੰਮਰ ਨਾਚ ਦੀਆਂ ਹਰਕਤਾਂ ਭੰਗੜੇ ਵਾਲੀਆਂ ਨਹੀਂ ਪਰ ਭੰਗੜੇ ਵਾਂਗ ਢੋਲ ਇਸ ਦਾ ਲਾਜ਼ਮੀ ਸਾਜ਼ ਹੁੰਦਾ ਹੈ। ਇਸ ਦੇ ਗੀਤ ਲੰਮੇ ਹੁੰਦੇ ਹਨ। ਅਜੋਕੇ ਦੌਰ 'ਚ ਝੂੰਮਰ ਵੰਨਗੀ ਵੱਖਰੇ ਤੌਰ 'ਤੇ ਘੱਟ ਦੇਖਣ ਨੂੰ ਮਿਲਦੀ ਹੈ। ਭੰਗੜੇ 'ਚ ਝੂੰਮਰ ਦੀਆਂ ਕੁਝ ਹਰਕਤਾਂ ਸ਼ਾਮਲ ਕਰ ਲਈਆਂ ਜਾਂਦੀਆਂ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ