ਪੇਸ਼ਕਸ਼: ਰਮਨਦੀਪ ਕੌਰ


ਲੋਕ-ਬੋਲੀਆਂ ਦੇ ਸ਼ਾਬਦਿਕ ਅਰਥ ਹਨ ਲੋਕਾਂ ਦੁਆਰਾਂ ਰਚੀਆਂ ਬੋਲੀਆਂ। ਇਨ੍ਹਾਂ ਦਾ ਕੋਈ ਇੱਕ ਰਚੇਤਾ ਨਾ ਹੋ ਕੇ ਸਗੋਂ ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰੀਆਂ ਆਉਂਦੀਆਂ ਹਨ। ਸਮੇਂ ਤੇ ਸਥਾਨ ਦੇ ਨਾਲ ਇਨ੍ਹਾਂ 'ਚ ਕੁਝ ਬਦਲਾਅ ਆਉਂਦੇ ਰਹਿੰਦੇ ਹਨ।


ਪੰਜਾਬੀ ਲੋਕ ਬੋਲੀਆਂ 'ਚ ਪੰਜਾਬ ਦੇ ਲੋਕਾਂ ਦਾ ਰਹਿਣ-ਸਹਿਣ, ਰਿਸ਼ਤੇ-ਨਾਤੇ, ਰੁੱਤਾਂ-ਤਿਉਹਾਰਾਂ ਦਾ ਖਾਸ ਜ਼ਿਕਰ ਆਉਂਦਾ ਹੈ। ਪੰਜਾਬ 'ਚ ਹਰ ਖੁਸ਼ੀ ਦੇ ਮੌਕੇ 'ਤੇ ਗਿੱਧਾ ਤੇ ਭੰਗੜਾ ਖੁਸ਼ੀਆਂ ਨੂੰ ਹੋਰ ਚਾਰ ਚੰਨ ਲਾ ਦਿੰਦਾ ਹੈ। ਇਨਾਂ ਲੋਕ-ਨਾਚਾਂ 'ਚ ਵੀ ਲੋਕ ਬੋਲੀਆਂ ਜ਼ਰੀਏ ਹੀ ਰੰਗ ਬੰਨ੍ਹਿਆ ਜਾਂਦਾ ਹੈ।


ਪੰਜਾਬੀ ਜੀਵਨ ਦੇ ਹਰ ਰਿਸ਼ਤੇ-ਨਾਤੇ ਨਾਲ ਸਬੰਧਤ ਬੋਲੀਆਂ ਮੌਜੂਦ ਹਨ। ਇਨ੍ਹਾਂ ਬੋਲੀਆਂ 'ਚ ਜਿੱਥੇ ਰਿਸ਼ਤਿਆਂ 'ਚ ਨੋਕ-ਝੋਕ ਦਰਸਾਈ ਮਿਲਦੀ ਹੈ, ਉੱਥੇ ਹੀ ਆਪਸੀ ਪਿਆਰ ਦਾ ਸਬੂਤ ਵੀ ਮਿਲਦਾ ਹੈ। ਨੂੰਹ-ਸੱਸ ਦੇ ਰਿਸ਼ਤੇ ਨਾਲ ਸਬੰਧਤ ਬੋਲੀਆਂ ਲਗਪਗ ਹਰ ਪੰਜਾਬਣ ਦੀ ਜ਼ੁਬਾਨ 'ਤੇ ਹੁੰਦੀਆਂ ਹਨ:




'ਸੱਸੀਂ ਹੁੰਦੀਆਂ ਧਰਮ ਦੀਆਂ ਮਾਵਾਂ
ਲੋਕੀਂ ਕਹਿਣ ਸੱਸਾਂ ਬੁਰੀਆਂ'

ਜਾਂ

'ਖੋਈਏ ਨਾ ਕਿਸੇ ਦੀ
ਖਾਈਏ ਆਪਣੇ ਹਿੱਸੇ ਦੀ
ਨਿੰਦੀਏ ਨਾ ਸੱਸ
ਉਹ ਵੀ ਮਾਂ ਆ ਕਿਸੇ ਦੀ'


ਜਾਂ


'ਸੱਸੇ ਲੜਿਆ ਨਾ ਕਰ, ਐਂਵੇ ਸੜਿਆ ਨਾ ਕਰ
ਬਹੁਤੀ ਔਖੀ ਏ ਤਾਂ, ਅੱਧ ਵਿੱਚ ਕੰਧ ਕਰਦੇ
ਸਾਡੇ ਬਾਪ ਦਾ ਜਵਾਈ, ਸਾਡੇ ਵੱਲ ਕਰਦੇ'


ਇਸ ਤੋਂ ਇਲਾਵਾ ਜੇਠ ਭਰਜਾਈ ਦੇ ਰਿਸ਼ਤੇ ਦਾ ਵੀ ਪੰਜਾਬੀ ਲੋਕ ਬੋਲ਼ੀਆਂ 'ਚ ਉਚੇਚਾ ਜ਼ਿਕਰ ਆਉਂਦਾ ਹੈ:


'ਮੈ ਤਾਂ ਜੇਠ ਨੂੰ ਜੀ ਜੀ ਕਹਿੰਦੀ, ਮੈਨੂੰ ਕਹਿੰਦਾ ਬੱਕਰੀ,
ਵੇ ਜੇਠਾ ਸੂਰਮਿਆਂ, ਫਿਰ ਕਿਸੇ ਦਿਨ ਟੱਕਰੀ'

ਜਾਂ


'ਮੈਂ ਤੇ ਜੇਠਾਣੀ ਦੋਵੇਂ, ਤੀਰਥਾਂ ਨੂੰ ਚੱਲੀਆਂ
ਅੱਗੋਂ ਮਿਲਿਆ ਜੇਠ ਕਹਿੰਦਾ ਕੱਲੀਆਂ ਕਿਉਂ ਚੱਲੀਆਂ
ਟੈਮ ਗੱਡੀ ਦਾ ਹੋਣ ਲੱਗਿਆ
ਨੀ ਹੇਠ ਮਾਰ ਕੇ ਦੁਹੱਥੜਾ ਰੋਣ ਲੱਗਿਆ'


ਇਸ ਤੋਂ ਇਲਾਵਾ ਦਿਉਰ-ਭਰਜਾਈ ਦਾ ਰਿਸ਼ਤਾ ਵੀ ਆਪਸੀ ਨੋਕ-ਝੋਕ ਭਰਪੂਰ ਹੁੰਦਾ ਹੈ ਤੇ ਇਸ ਰਿਸ਼ਤੇ ਦੇ ਆਧਾਰਤ ਬੋਲੀਆਂ ਵੀ ਗਿੱਧੇ ਦੀ ਰੌਣਕ ਵਧਾਉਂਦੀਆਂ ਹਨ:

'ਦਿਉਰ ਮੇਰੇ ਨੂੰ ਅੱਡ ਕਰ ਦਿੱਤਾ, ਦੇ ਕੇ ਸੇਰ ਕੁ ਆਟਾ,
ਵੇ ਨਿੱਤ ਕੌਣ ਲੜੇ, ਕੌਣ ਪਟਾਵੇ ਝਾਟਾ'


ਜਾਂ


'ਲਿਆ ਦਿਉਰਾ ਤੇਰਾ ਕੁੜਤਾ ਧੋ ਦਿਆਂ
ਵਿੱਚ ਪਾ ਕਲਮੀ ਛੋਰਾ
ਵਿੱਚ ਭਰਜਾਈਆਂ ਦੇ ਬੋਲ ਕਲਹਿਰੀਆ ਮੋਰਾ'


ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ ਨਿੱਘ ਤੇ ਪ੍ਰੇਮ ਪਿਆਰ ਵਾਲਾ ਹਿੰਦਾ ਹੈ। ਜਿੱਥੇ ਪਤੀ-ਪਤਨੀ ਦੇ ਆਪਸੀ ਰੋਸੇ ਗਿਲੇ ਬੋਲੀਆਂ ਦਾ ਸ਼ਿੰਗਾਰ ਬਣਦੇ ਹਨ ਉੱਥੇ ਹੀ ਦੋਵਾਂ ਦੇ ਪਿਆਰ ਦਾ ਵੀ ਖੂਬ ਜ਼ਿਕਰ ਹੁੰਦਾ ਹੈ:


ਅੜੀਏ, ਅੜੀਏ, ਅੜੀਏ, ਰੁੱਸੇ ਮਾਹੀਏ ਦਾ ਕੀ ਕਰੀਏ।
ਜੇ ਅੰਦਰ ਵੜੇ ਤਾਂ ਮਗਰੇ ਵੜੀਏ,
ਚੁੰਨੀ ਲਾਹ ਪੈਰਾਂ ਵਿੱਚ ਧਰੀਏ।

ਇੱਕ ਵਾਰੀ ਬੋਲੋ ਜੀ, ਆਪਾਂ ਫਿਰ ਕਦੇ ਨਾ ਲੜੀਏ।


ਪੰਜਾਬੀ ਬੋਲੀਆਂ ਰਾਹੀਂ ਇੱਕ-ਦੂਜੇ 'ਤੇ ਕੱਸੇ ਤਾਹਨਿਆਂ ਦਾ ਕੋਈ ਗਿਲ੍ਹਾ ਵੀ ਨਹੀਂ ਕਰਦਾ ਪਰ ਅਜੋਕੇ ਦੌਰ 'ਚ ਬੋਲੀਆਂ ਵਿਸਾਰ ਕੇ ਲੋਕ ਡੀਜੇ 'ਤੇ ਥਿਰਕਣ ਨੂੰ ਤਰਜੀਹ ਦੇਣ ਲੱਗੇ ਹਨ। ਵਿਆਹਾਂ 'ਚ ਵੀ ਹੁਣ ਗਿੱਧੇ ਦੀ ਧਮਾਲ ਪੈਂਦੀ ਕਿਤੇ-ਕਿਤੇ ਹੀ ਦਿਖਾਈ ਦਿੰਦੀ ਹੈ।




Places to Travel: ਪੰਜਾਬ 'ਚ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਸਥਾਨ ਜ਼ਰੂਰ ਵੇਖੋ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ