ਪੰਜਾਬ 'ਚ ਕਈ ਤਰ੍ਹਾਂ ਦੀਆਂ ਲੋਕ-ਖੇਡਾਂ ਖੇਡੀਆਂ ਜਾਂਦੀਆਂ ਸਨ ਜੋ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਦੀਆਂ ਸਨ ਤੇ ਨਾਲ ਹੀ ਮਨ ਪ੍ਰਚਾਵਾ ਕਰਦੀਆਂ ਸਨ। ਇਹ ਦਿਮਾਗੀ ਸੰਤੁਲਨ ਬਣਾਉਣ 'ਚ ਵੀ ਸਹਾਈ ਹੁੰਦੀਆਂ ਸਨ। ਇੱਥੇ ਕੁਝ ਖਾਸ ਖੇਡਾਂ ਦਾ ਜ਼ਿਕਰ ਕਰਾਂਗੇ।


ਲੁਕਣ ਮੀਟੀ: ਇਹ ਛੋਟੇ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਇਸ 'ਚ ਤਿੰਨ ਜਾਂ ਤਿੰਨ ਤੋਂ ਵੱਧ ਜਿੰਨੇ ਮਰਜ਼ੀ ਜਾਣੇ ਰਲ ਕੇ ਇਹ ਖੇਡ ਖੇਡ ਸਕਦੇ ਹਨ। ਇਸ 'ਚ ਇਕ ਜਾਣੇ ਸਿਰ ਦਾਈ ਯਾਨੀ ਵਾਰੀ ਆਉਂਦੀ ਹੈ ਤੇ ਬਾਕੀਆਂ ਨੇ ਲੁਕਣਾ ਹੁਦਾ ਹੈ। ਜਿਸ ਦੇ ਸਿਰ ਵਾਰੀ ਹੁੰਦੀ ਹੈ ਉਸ ਨੇ ਬਾਕੀ ਸਾਰਿਆਂ ਨੂੰ ਲੱਭਣਾ ਹੁੰਦਾ ਹੈ।


ਭੰਡਾ ਭੰਡਾਰੀਆ: ਇਹ ਖੇਡ ਖੇਡਣ ਲਈ ਇਕ ਬੱਚੇ ਨੇ ਜ਼ਮੀਨ ’ਤੇ ਲੱਤਾ ਨਿਸਾਲ ਕੇ ਬੈਠ ਜਾਣਾ ਹੁੰਦਾ ਤੇ ਦੂਜੇ ਬੱਚਿਆਂ ਨੇ ਉਸ ਦੇ ਸਿਰ ’ਤੇ ਆਪਣੀਆਂ ਮੁੱਠੀਆਂ ਰੱਖਦੇ ਹੋਏ ਗੁਣਗੁਣਾਉਣਾ ‘ਭੰਡਾ ਭੰਡਾਰੀਆ, ਕਿੰਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ।’ ਇਸ ਵਿਚ ਵੀ ਖੇਡਣ ਵਾਲਿਆਂ ਦੀ ਗਿਣਤੀ ਸੀਮਤ ਨਹੀਂ ਹੁੰਦੀ।



ਚਿੜੀ ਉੱਡ-ਕਾਂ ਉੱਡ: ਇਹ ਸਭ ਤੋਂ ਆਸਾਨ ਤੇ ਮਨਭਾਉਂਦੀ ਖੇਡ ਹੈ ਜਿਸ ਨੂੰ ਖੇਡਣ ਲਈ ਬੱਚਿਆਂ ਨੇ ਘੇਰਾ ਰੂਪ ਵਿੱਚ ਚੌਂਕੜੀ ਮਾਰ ਕੇ ਬੈਠ ਜਾਣਾ ਤੇ ਆਪਣੀ ਇੱਕ ਉਂਗਲ ਜ਼ਮੀਨ ’ਤੇ ਰੱਖ ਲੈਣੀ। ਫਿਰ ਇੱਕ ਬੱਚੇ ਨੇ ਵਾਰੀ ਦਿੰਦੇ ਹੋਏ ਕਹਿਣਾ ‘ਕਾਂ ਉਡ, ਚਿੜੀ ਉਡ’ ਬਾਕੀ ਬੱਚਿਆਂ ਨੇ ਵੀ ਉਸ ਦੇ ਨਾਲ ਉਂਗਲੀ ਚੁੱਕ ਕੇ ਕਾਂ ਤੇ ਚਿੜੀ ਦੇ ਉਡਣ ਦਾ ਹੁੰਗਾਰਾ ਭਰਨਾ, ਪਰ ਕਈ ਵਾਰ ਵਾਰੀ ਦੇਣ ਵਾਲੇ ਬੱਚੇ ਨੇ ਕਿਸੇ ਜਾਨਵਰ ਦਾ ਨਾਂ ਲੈ ਕੇ ਉਂਗਲੀ ਚੁੱਕਣੀ ਤੇ ਜਿਹੜੇ ਬੱਚੇ ਨੇ ਜਾਨਵਰ ਉਡਾਉਣਾ ਫਿਰ ਉਸ ਨੂੰ ਬੜੀ ਮਨੋਰੰਜਕ ਸਜ਼ਾ ਦਿੱਤੀ ਜਾਣੀ। ਜਿਵੇਂ ਖਾਸ ਤੌਰ 'ਤੇ ਇਸ ਖੇਡ 'ਚ ਲੂਣ-ਮਿਰਚ ਮਸਾਲਾ ਲਾਉਣ ਵਾਲੀ ਸਜ਼ਾ ਬਹੁਤ ਦਿਲਚਸਪ ਹੈ।


ਗੁੱਲੀ ਡੰਡਾ: ਇਹ ਇਕ ਡੰਡੇ ’ਤੇ ਪੰਜ ਉਂਗਲ ਲੰਮੀ ਗੁੱਲੀ ਨਾਲ ਖੇਡੀ ਜਾਣ ਵਾਲੀ ਪੰਜਾਬ ਦੀ ਪ੍ਰਾਚੀਨ ਖੇਡ ਹੈ। ਇਕ ਘੁੱਤੀ ਪੁੱਟ ਕੇ ਉਸ ਵਿਚ ਗੁੱਲੀ ਨੂੰ ਰੱਖ ਕੇ ਡੰਡੇ ਨਾਲ ਉਛਾਲਣਾ ਤੇ ਜੇਕਰ ਕਿਸੇ ਬੱਚੇ ਨੇ ਉਹ ਗੁੱਲੀ ਬੋਚ ਲਈ ਤਾਂ ਉਛਾਲਣ ਵਾਲੇ ਖਿਡਾਰੀ ਨੇ ਖੇਡ ਤੋਂ ਬਾਹਰ ਹੋ ਜਾਣਾ। ਬੱਚੇ ਇਸ ਨੂੰ ਬਹੁਤ ਦਿਲਚਸਪੀ ਦੇ ਨਾਲ ਖੇਡਦੇ ਸਨ। ਅਜੋਕੇ ਦੌਰ ਚ ਕਦੇ ਕਿਸੇ ਨੂੰ ਗੁੱਲੀ ਡੰਡਾ ਖੇਡਦੇ ਨਹੀਂ ਦੇਖਿਆ ਜਾਂਦਾ।


ਕੋਟਲਾ ਛਪਾਕੀ: ਕੋਟਲਾ ਛਪਾਕੀ ਬੜੀ ਦਿਲਚਸਪ ਤੇ ਕਸਰਤ ਵਾਲੀ ਖੇਡ ਹੈ। ਜਿਸ ਵਿਚ ਬੱਚਿਆਂ ਨੇ ਗੋਲ ਘੇਰਾ ਬਣਾ ਕੇ ਸਿਰ ਨੀਵਾਂ ਕੇ ਬੈਠ ਜਾਣਾ। ਫਿਰ ਇਕ ਖਿਡਾਰੀ ਨੇ ਹੱਥ ਵਿਚ ਕੱਪੜਾ ਫੜ ਕੇ ਚਾਰ ਚੁਫੇਰੇ ਦੌੜਦੇ ਹੋਏ ਗੁਣਗੁਣਾਉਣਾ ‘ਕੋਟਲਾ ਛਪਾਕੀ ਜੁੰਮੇ ਰਾਤ ਆਈ ਹੈ, ਜਿਹੜਾ ਅੱਗੇ ਪਿੱਛੇ ਝਾਕੇ ਉਹਦੀ ਸ਼ਾਮਤ ਆਈ ਹੈ। ਇਸ ਖੇਡ ਨਾਲ ਜਿੱਥੇ ਸਰੀਰਕ ਕਸਰਤ ਹੁੰਦੀ ਹੈ ਉੱਥੇ ਹੀ ਮਨ ਪ੍ਰਚਾਵਾ ਵੀ।



ਖੋ-ਖੋ: ਇਹੀ ਮਨਪ੍ਰਚਾਵੇ ਦੀਖੇਡ ਹੈ। ਦੋਵੇਂ ਪਾਸੇ ਪੋਲ ਗੱਡੇ ਜਾਂਦੇ ਹਨ। ਉਸ ਵਿੱਚ  ਬੱਚੇ ਬੈਠਦੇ ਹਨ ਇੱਕ ਦੂਜੇ ਤੋਂ ਉਲਟ ਦਿਸ਼ਾ ਵਿੱਚ ਮੂੰਹ ਕਰਕੇ ਬੈਠਦੇ ਹਨ। ਇਕ ਕੱਪੜਾ ਲੈਕੇ ਇੱਕ ਦੂਜੇ ਨੂੰ ਖੋ ਦਿੰਦੇ ਹਨ। ਇਹ ਪੰਜਾਬ ਦੀ ਪ੍ਰਸਿੱਧ ਖੇਡ ਹੈ।



ਬਾਂਦਰ ਕਿੱਲਾ: ਇਹ ਖੇਡ ਟੋਲੀ ਦੇ ਰੂਪ ਵਿੱਚ ਖੇਡੀ ਜਾਂਦੀ ਹੈ। ਇਸ ਟੋਲੀ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਖੇਡਣ ਤੋਂ ਪਹਿਲਾਂ ਇਸ ਖੇਡ ਦਾ ਗਰਾਊਂਡ ਤਿਆਰ ਕੀਤਾ ਜਾਂਦਾ ਹੈ। ਕੋਈ ਲਗਪਗ ਤਿੰਨ ਫੁੱਟ ਅਰਧ ਵਿਆਸ ਦਾ ਇੱਕ ਚੱਕਰ ਵਾਹਿਆ ਜਾਂਦਾ ਹੈ। ਚੱਕਰ ਦੇ ਕੇਂਦਰ ਵਿੱਚ ਇੱਕ ਲੱਕੜ ਦਾ ਕਿੱਲਾ ਠੋਕਿਆ ਜਾਂਦਾ ਹੈ। ਇੱਕ ਕਿੱਲੇ ਨਾਲ ਇੱਕ ਰੱਸੀ ਬੰਨ੍ਹੀ ਜਾਂਦੀ ਹੈ। ਰੱਸੀ ਦੀ ਲੰਬਾਈ ਇੰਨੀ ਹੁੰਦੀ ਹੈ ਕਿ ਜਿਸ ਨੂੰ ਫੜ ਕੇ ਵਾਰੀ (ਦਾਈ) ਦੇਣ ਵਾਲਾ ਖਿਡਾਰੀ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦਾ। ਸਭ ਤੋਂ ਪਹਿਲਾਂ ਵਾਰੀ ਕੌਣ ਦੇਵੇਗਾ, ਇਸ ਲਈ ਪੁੱਗਿਆ ਜਾਂਦਾ ਹੈ।



ਜਦੋਂ ਸਾਰੇ ਬੱਚੇ ਇਕੱਠੇ ਹੋ ਜਾਂਦੇ ਹਨ ਤਾਂ ਉਹ ਸਾਰੇ ਜਣੇ ਆਪਣੀਆਂ ਜੁੱਤੀਆਂ, ਚੱਪਲਾਂ ਆਦਿ ਲਾਹ ਕੇ ਚੱਕਰ ਵਿੱਚ ਕਿੱਲੇ ਦੇ ਨਾਲ ਰੱਖ ਦਿੰਦੇ ਹਨ। ਵਾਰੀ ਦੇਣ ਵਾਲਾ ਰੱਸੀ ਨੂੰ ਫੜ ਕੇ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ। ਵਾਰੀ ਦੇਣ ਵਾਲੇ ਦਾ ਮੁੱਖ ਕੰਮ ਇਹ ਹੁੰਦਾ ਹੈ, ਕਿ ਉਸ ਨੇ ਹਰ ਤਰੀਕੇ ਨਾਲ ਜੁੱਤੀਆਂ ਨੂੰ ਚੱਕਰ ਤੋਂ ਬਾਹਰ ਜਾਣ ਤੋਂ ਰੋਕਣਾ ਅਤੇ ਇਸ ਦੇ ਉਲਟ ਜੋ ਬੱਚੇ ਚੱਕਰ ਦੇ ਬਾਹਰ ਹੁੰਦੇ ਹਨ, ਉਹ ਵਾਰੀ ਦੇਣ ਵਾਲੇ ਨੂੰ ਭੁਲੇਖੇ ਵਿੱਚ ਪਾ ਕੇ ਜੁੱਤੀਆਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਜੇ ਜੁੱਤੀਆਂ ਨੂੰ ਬਾਹਰ ਕੱਢਦੇ ਸਮੇਂ ਵਾਰੀ ਦੇਣ ਵਾਲਾ ਕਿਸੇ ਬੱਚੇ ਨੂੰ ਛੂਹ ਲਵੇ ਤਾਂ ਉਸ ਨੂੰ ਵਾਰੀ ਦੇਣੀ ਪੈਂਦੀ ਹੈ।


ਜੇ ਬਾਹਰਲੇ ਬੱਚੇ ਸਾਰੀਆਂ ਜੁੱਤੀਆਂ ਚੁੱਕ ਕੇ ਚੱਕਰ ਤੋਂ ਪਾਰ ਕਰ ਲੈਂਦੇ ਹਨ ਤਾਂ ਉਸ ਨੂੰ ਹੀ ਦੁਬਾਰਾ ਦਾਈ ਦੇਣੀ ਪੈਂਦੀ ਹੈ। ਇਸ ਵਿੱਚ ਦਾਈ ਵਾਲੇ ਨੂੰ ਹੋਰ ਵੀ ਸਜ਼ਾ ਮਿਲਦੀ ਹੈ। ਉਸ ਨੂੰ ਇੱਕ ਨਿਸਚਿਤ ਦੂਰੀ ਤੱਕ ਭੱਜਣਾ ਪੈਂਦਾ ਹੈ ਅਤੇ ਬਾਹਰਲੇ ਬੱਚੇ ਉਸ ਨੂੰ ਉਹ ਜੁੱਤੀਆਂ ਮਾਰਦੇ ਹਨ, ਜੋ ਉਨ੍ਹਾਂ ਚੱਕਰ ਤੋਂ ਬਾਹਰ ਕੱਢੀਆਂ ਹੁੰਦੀਆਂ ਹਨ। ਇਸ ਤਰ੍ਹਾਂ ਇਹ ਖੇਡ ਲਗਾਤਾਰ ਚਲਦੀ ਰਹਿੰਦੀ ਹੈ। ਇਹ ਖੇਡ ਜਿੱਥੇ ਸਰੀਰਕ ਵਿਕਾਸ ਕਰਦੀ ਹੈ, ਉੱਥੇ ਦਿਮਾਗੀ ਸੰਤੁਲਨ ਬਣਾਉਣਾ ਵੀ ਸਿਖਾਉਂਦੀ ਹੈ ਤੇ ਮਨਪ੍ਰਚਾਵਾ ਵੀ ਖੂਬ ਹੁੰਦਾ ਹੈ।


ਪਿੱਠੂ:  ਇਸ ਖੇਡ 'ਚ ਵੀ ਖਿਡਾਰੀਆਂ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ। ਖਿਡਾਰੀ ਪਹਿਲਾਂ ਦੋ ਧੜੇ ਬਣਾ ਲੈਂਦੇ ਹਨ,ਇਕ ਗੋਲ ਦਾਇਰਾ ਬਣਾ ਕੇ ਉਸ ਵਿੱਚ ਕੁਝ ਠੀਕਰਾਂ ਇੱਕ ਦੂਜੇ ਦੇ ਉੱਪਰ ਟਿਕਾ ਦਿੱਤੀਆਂ ਜਾਂਦੀਆਂ ਹਨ। ਇਸ ਖੇਡ ਚ ਇਕ ਗੇਂਦ ਦੀ ਵੀ ਲੋੜ ਰਹਿੰਦੀ ਹੈ।ਇੱਕ ਧਿਰ ਦਾ ਕੋਈ ਖਿਡਾਰੀ ਚੱਕਰ ਤੋਂ ਬਾਹਰ ਖੜਾ ਹੋ ਕੇ ਗੇਂਦ ਨਾਲ ਠੀਕਰੀਆਂ ਨੂੰ ਫੁੰਡਦਾ ਹੈ, ਜੇ ਨਿਸ਼ਾਨਾ ਲਾਉਣ ਮਗਰੋਂ ਦੂਜੀ ਧਿਰ ਦਾ ਕੋਈ ਖਿਡਾਰੀ ਗੇਂਦ ਨੂੰ ਬੋਚ ਲਏ ਤਾਂ ਨਿਸ਼ਾਨਾ ਲਾਉਣ ਵਾਲੇ ਖਿਡਾਰੀ ਦੀ ਵਾਰੀ ਖਤਮ ਹੋ ਜਾਂਦੀ ਹੈ। ਪਰ ਜੇਕਰ ਨਿਸ਼ਾਨਾ ਲਾਉਣ ਮਗਰੋਂ ਗੇਂਦ ਬੋਚੀ ਨਾ ਜਾ ਸਕੇ ਤਾਂ ਦੂਜੀ ਢਾਣੀ ਵਾਲੇ ਗੇਂਦ ਨੂੰ ਫੜ ਕੇ ਪਹਿਲੀ ਧਿਰ ਦੇ ਖਿਡਾਰੀਆਂ ਨੂੰ ਗੇਂਦ ਮਾਰਦੇ ਹਨ। ਜੇ ਕਿਸੇ ਖਿਡਾਰੀ ਦੇ ਗੇਂਦ ਲਗ ਜਾਵੇ ਤਾਂ ਉਸ ਧਿਰ ਦੇ ਬਾਕੀ ਖਿਡਾਰੀਆਂ ਦੀ ਵਾਰੀ ਕੱਟੀ ਜਾਂਦੀ ਹੈ।



ਹਾਲਾਂਕਿ ਉਪਰੋਕਤ ਖੇਡਾਂ ਦੀ ਵਿਧੀ 'ਚ ਇਲਾਕੇ ਦੇ ਹਿਸਾਬ ਨਾਲ ਥੋੜਾ-ਬਹੁਤ ਫਰਕ ਸੁਭਾਵਿਕ ਹੈ। ਮੂਲ ਰੂਪ ਨਾਲ ਇਹ ਇਸ ਤਰੀਕੇ ਨਾਲ ਖੇਡੀਆਂ ਜਾਂਦੀਆਂ ਪਰ ਥਾਂ ਦੇ ਹਿਸਾਬ ਨਾਲ ਥੋੜਾ-ਬਹੁਤ ਵਖਰੇਵਾਂ ਸੁਭਾਵਿਕ ਹੈ। ਅਜੋਕੇ ਦੌਰ ਦੇ ਬੱਚਿਆਂ ਨੇ ਇਨ੍ਹਾਂ ਖੇਡਾਂ ਦੇ ਨਾਂਅ ਵੀ ਨਹੀਂ ਸੁਣੇ ਹੋਣਗੇ। ਕਿਉਂਕਿ ਇਹ ਡਿਜੀਟਲ ਦੌਰ ਹੈ ਤੇ ਬਚਪਨ ਵੀ ਇੰਟਰਨੈਟ ਦੀ ਲਪੇਟ 'ਚ ਹੈ। ਪਰ ਜੇ ਕਦੇ ਵਿਚਾਰ ਕਰੀਏ ਤਾਂ ਇਹ ਸੱਚ ਹੈ ਕਿ ਅਸੀਂ ਆਪਣਾ ਅਨਮੋਲ ਖਜ਼ਾਨਾ ਵਿਸਾਰ ਚੁੱਕੇ ਹਾਂ।


ਪੰਜਾਬ 'ਚ ਖੇਤੀ ਬਿੱਲ ਕਿੰਨੇ ਕੁ ਹੋਣਗੇ ਅਸਰਦਾਰ, ਇਸ ਰਿਪੋਰਟ ਜ਼ਰੀਏ ਸਮਝੋ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ