ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਫ਼ ਕੀਤਾ ਹੈ ਕਿ ਇਰਾਕ ਵਿੱਚ ਫਸੇ 39 ਭਾਰਤੀ ਨੌਜਵਾਨਾਂ ਦੇ ਡੀਐਨਏ ਟੈਸਟ ਆਮ ਕਾਰਵਾਈ ਲਈ ਹੀ ਲਏ ਜਾ ਰਹੇ ਹਨ ਤਾਂ ਕਿ ਅੱਗੇ ਉਨ੍ਹਾਂ ਦੀ ਪਛਾਣ ਲੱਭੀ ਜਾ ਸਕੇ। ਉਨ੍ਹਾਂ ਕਿਹਾ ਕਿ ਪਰਿਵਾਰਾਂ ਨੂੰ ਇਸ ਮਾਮਲੇ 'ਚ ਡਰਨ ਦੀ ਲੋੜ ਨਹੀਂ। ਕੱਲ੍ਹ ਅੰਮ੍ਰਿਤਸਰ 'ਚ ਇਨ੍ਹਾਂ 'ਚੋਂ ਕੁਝ ਪਰਿਵਾਰਾਂ ਦੇ ਡੀਐਨਏ ਟੈਸਟ ਲਏ ਗਏ ਸਨ। ਇਨ੍ਹਾਂ ਵਿੱਚ ਬਟਾਲਾ ਦੇ 3 ਪਿੰਡਾਂ ਦੇ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਦੇ ਘਰ ਸਿਹਤ ਵਿਭਾਗ ਦੀ ਟੀਮ ਵੱਲੋਂ ਡੀ.ਐਨ.ਏ. ਟੈਸਟ ਲਈ ਨੌਜਵਾਨਾਂ ਦੇ ਮਾਪਿਆਂ ਦੇ ਨਮੂਨੇ ਲਏ ਗਏ ਹਨ।
ਜ਼ਿਕਰਯੋਗ ਹੈ ਕਿ 2014 ਵਿੱਚ ਇਰਾਕ ਵਿੱਚ ਦਹਿਸ਼ਤਗਰਤ ਜਥੇਬੰਦੀ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ 39 ਭਾਰਤੀਆਂ ਨੂੰ ਅਗਵਾ ਕਰ ਲਿਆ ਸੀ। ਹਾਲਾਂਕਿ, ਜੁਲਾਈ, 2017 ਵਿੱਚ ਇਰਾਕੀ ਫੌਜਾਂ ਨੇ ਮੋਸੂਲ ਸ਼ਹਿਰ ਨੂੰ ਆਈ.ਐਸ. ਦੇ ਕਬਜ਼ੇ ਵਿੱਚੋਂ ਛੁਡਵਾ ਲਿਆ ਸੀ ਪਰ ਉੱਥੇ ਇਨ੍ਹਾਂ ਭਾਰਤੀਆਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ ਮਿਲਿਆ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਈ ਵਾਰ ਇਹ ਕਿਹਾ ਹੈ ਕਿ ਸਰਕਾਰ ਇਨ੍ਹਾਂ ਅਗਵਾ ਕੀਤੇ ਨੌਜਵਾਨਾਂ ਦੀ ਭਾਲ ਲਈ ਚਾਰਾਜੋਈ ਕਰ ਰਹੀ ਹੈ।
ਇਰਾਕ ਵਿੱਚ ਅਗ਼ਵਾਕਾਰਾਂ ਦੇ ਚੁੰਗਲ 'ਚੋਂ ਨਿਕਲ ਕੇ ਆਏ ਗੁਰਦਾਸਪੁਰ ਦੇ ਪਿੰਡ ਕਾਲਾ ਅਫ਼ਗਾਨਾ ਦੇ ਹਰਜੀਤ ਮਸੀਹ ਨੇ ਦੱਸਿਆ ਸੀ ਕਿ ਆਈ.ਐਸ. ਨੇ ਅਗ਼ਵਾ ਕੀਤੇ ਸਾਰੇ ਨੌਜਵਾਨਾਂ ਨੂੰ ਮਾਰ ਦਿੱਤਾ ਹੈ। ਅਗ਼ਵਾ ਹੋਏ 39 ਦੇ ਪਰਿਵਾਰ ਹੁਣ ਤਕ ਤਕਰੀਬਨ 14 ਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਚੁੱਕੇ ਹਨ ਤੇ ਉਹ ਹਰ ਵਾਰ ਉਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਸੁਰੱਖਿਅਤ ਹਨ, ਕਹਿ ਕੇ ਭੇਜ ਦਿੰਦੀ ਸੀ।