ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਲੋਕ ਜੋ ਸਿਹਤਮੰਦ, ਖੁਰਾਕਾਂ ਖਾਣ ਤੇ ਹੱਡ ਭੰਨ੍ਹਵੀਂ ਮਿਹਨਤ ਕਰਕੇ ਪੂਰੀ ਦੁਨੀਆਂ ‘ਚ ਜਾਣੇ ਜਾਦੇ ਹਨ ਪਰ ਅੱਜ ਨਸ਼ਿਆਂ ਦੀ ਦਲਦਲ 'ਚ ਬੁਰੀ ਤਰ੍ਹਾਂ ਫਸ ਚੁੱਕੇ ਹਨ। ਇੱਥੋਂ ਦੀ ਜਵਾਨੀ ਹਵਾਵਾਂ ਦਾ ਰੁਖ ਬਦਲਣ ਤੇ ਧਾੜਵੀਆਂ ਦੇ ਛੱਕੇ ਛੁਡਾਉਣ ਲਈ ਮਸ਼ਹੂਰ ਸੀ ਪਰ ਅੱਜ ਇਹ ਜਵਾਨੀ ਨਸ਼ਿਆਂ ਦੀ ਦਲਦਲ ‘ਚ ਇੰਨੀ ਬੁਰੀ ਤਰ੍ਹਾਂ ਧਸ ਚੁੱਕੀ ਹੈ ਜਿੱਥੋਂ ਨਿੱਕਲਣਾ ਬੜੀ ਮੁਸ਼ੱਕਤ ਦਾ ਕੰਮ ਹੈ। ਪੰਜ ਦਰਿਆਵਾਂ ਵਾਲੇ ਪੰਜਾਬ ‘ਚ ਨਸ਼ਿਆਂ ਦੇ ਛੇਵੇਂ ਦਰਿਆ ਨੇ ਤਬਾਹੀ ਮਚਾਈ ਹੋਈ ਹੈ। ਨੌਜਵਾਨਾਂ ਨੂੰ ਨਸ਼ੇ ਦੇ ਅਜਗਰ ਨੇ ਅਜਿਹਾ ਨਾਗਵਲ ਪਾਇਆ ਹੋਇਆ ਹੈ ਜਿਸ ਤੋਂ ਮੁਕਤੀ ਲਈ ਅਣਥੱਕ ਯਤਨਾਂ ਦੀ ਲੋੜ ਹੈ।
ਪੰਜਾਬ ਵਿੱਚ ਸਰਕਾਰ ਬਦਲਣ ਦੇ ਬਾਵਜੂਦ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਅਜਿਹਾ ਹੀ ਇੱਕ ਵੀਡੀਓ ਬਠਿੰਡਾ ਦੀ ਬੀੜ ਤਾਲਾਬ ਬਸਤੀ ਦਾ ਵਾਇਰਲ ਹੋਇਆ ਹੈ ਜਿਸ ਵਿੱਚ ਔਰਤ ਨਸ਼ਾ ਵੇਚਦੀ ਨਜ਼ਰ ਆ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ 'ਚ ਹੜਕੰਪ ਮਚ ਗਿਆ ਹੈ। ਵਾਇਰਲ ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਸ਼ਿਆਂ ਸਬੰਧੀ ਇਹ ਸਥਿਤੀ ਚਿੰਤਾਜਨਕ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਦੋ ਹਫ਼ਤਿਆਂ ਦੌਰਾਨ ਸੂਬੇ ਵਿੱਚ ਨਸ਼ਿਆਂ ਕਾਰਨ 9 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਹਰ ਵਿਅਕਤੀ ਦੀ ਉਮਰ 17 ਤੋਂ 24 ਸਾਲ ਦੇ ਵਿਚਕਾਰ ਹੈ।
ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮਹਿਲਾ ਦੇ ਗੇਟ 'ਤੇ ਇਕ ਨੌਜਵਾਨ ਖੜ੍ਹਾ ਹੈ। ਥੋੜ੍ਹੀ ਦੇਰ ਬਾਅਦ ਅੰਦਰੋਂ ਇੱਕ ਔਰਤ ਬਾਹਰ ਆਉਂਦੀ ਹੈ। ਉਹ ਨੌਜਵਾਨ ਨੂੰ ਕੋਈ ਚੀਜ਼ ਫੜਾਉਂਦੀ ਹੈ, ਜਿਸ ਨੂੰ ਨਸ਼ੇ ਦੀਆਂ ਪੁੜੀਆਂ ਕਿਹਾ ਜਾ ਰਿਹਾ ਹੈ। ਇਸ ਤੋਂ ਬਾਅਦ ਉਹ ਨੌਜਵਾਨ ਤੋਂ ਪੈਸੇ ਲੈ ਕੇ ਆਪਣੇ ਕੋਲ ਰੱਖ ਲੈਂਦੀ ਹੈ। ਇਸ ਤੋਂ ਬਾਅਦ ਉਕਤ ਔਰਤ ਇੱਕ ਹੋਰ ਨੌਜਵਾਨ ਨੂੰ ਵੀ ਨਸ਼ੇ ਦੀਆਂ ਪੁੜੀਆਂ ਫੜਾਉਂਦੀ ਹੈ। ਇਸ ਤੋਂ ਬਾਅਦ ਨੌਜਵਾਨ ਉਥੋਂ ਚਲੇ ਜਾਂਦੇ ਹਨ।
ਦੱਸ ਦੇਈਏ ਕਿ ਬਠਿੰਡਾ ਦਾ ਬੀੜ ਤਾਲਾਬ ਇਲਾਕਾ ਪਹਿਲਾਂ ਹੀ ਨਸ਼ਿਆਂ ਲਈ ਬਦਨਾਮ ਹੈ। ਕੱਚੀ ਸ਼ਰਾਬ ਤੋਂ ਲੈ ਕੇ ਸਮੈਕ ਤੱਕ ਇੱਥੇ ਉਪਲਬਧ ਹੈ। ਪੁਲੀਸ ਨੇ ਇੱਥੇ ਚੌਕੀ ਖੋਲ੍ਹਣ ਦਾ ਦਾਅਵਾ ਕੀਤਾ ਸੀ, ਇਸ ਦੇ ਬਾਵਜੂਦ ਨਸ਼ੇ ਨੂੰ ਠੱਲ੍ਹ ਨਹੀਂ ਪਾਈ ਜਾ ਸਕੀ। ਸਰਕਾਰ ਬਦਲਣ ਤੋਂ ਬਾਅਦ ਵੀ ਨਸ਼ਿਆਂ 'ਤੇ ਪਾਬੰਦੀ ਨਾ ਲੱਗਣ ਕਾਰਨ ਆਮ ਆਦਮੀ ਪਾਰਟੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ।ਪਿਛਲੇ ਕੁੱਝ ਦਿਨਾਂ ਵਿਚ ਹੀ ਪੰਜਾਬ ‘ਚ ਨਸ਼ਿਆਂ ਦੀ ਲਪੇਟ ਵਿਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ ਪਰ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੋਈ ਠੋਸ ਕਦਮ ਚੁੱਕਦੀ ਨਜ਼ਰ ਨਹੀਂ ਰਹੀ।